ਟਮਾਟਰ ਦੀਆਂ ਕੀਮਤਾਂ ਕਾਰਨ ਵਧੀ ਮਹਿੰਗਾਈ, ਜੁਲਾਈ ’ਚ 15 ਮਹੀਨਿਆਂ ਦੇ ਉੱਚ ਪੱਧਰ ’ਤੇ ਪੁੱਜੀ

ਟਮਾਟਰ, ਅਦਰਕ ਅਤੇ ਦੂਜੀਆਂ ਸਬਜ਼ੀਆਂ ਦੀਆਂ ਕੀਮਤਾਂ ’ਚ ਤੇਜ਼ੀ ਨਾਲ ਜੁਲਾਈ ਮਹੀਨੇ ’ਚ ਮਹਿੰਗਾਈ ਕਾਫੀ ਵਧ ਗਈ। ਸਰਕਾਰ ਨੇ ਸੋਮਵਾਰ ਨੂੰ ਜੁਲਾਈ ਮਹੀਨੇ ਦੇ ਪ੍ਰਚੂਨ ਅਤੇ ਥੋਕ ਮਹਿੰਗਾਈ ਦੇ ਅੰਕੜੇ ਜਾਰੀ ਕੀਤੇ ਹਨ। ਜੁਲਾਈ ’ਚ ਭਾਰਤ ਦੀ ਪ੍ਰਚੂਨ ਮਹਿੰਗਾਈ 15 ਮਹੀਨਿਆਂ ਦੇ ਉੱਚ ਪੱਧਰ ਦੇ ਕਰੀਬ ਪੁੱਜ ਗਈ। ਜੁਲਾਈ ’ਚ ਇਹ 7.44 ਫੀਸਦੀ ਦਰਜ ਹੋਈ। ਜੂਨ ਵਿਚ ਇਹ 4.81 ਫੀਸਦੀ ਰਹੀ ਸੀ। ਜੁਲਾਈ ਮਹੀਨੇ ’ਚ ਮਹਿੰਗਾਈ ਰਾਇਟਰਸ ਦੇ ਪੋਲ ਤੋਂ ਆਏ ਅਨੁਮਾਨ ਨਾਲੋਂ ਵੱਧ ਰਹੀ ਹੈ। ਜੁਲਾਈ ਮਹੀਨੇ ’ਚ ਪ੍ਰਚੂਨ ਮਹਿੰਗਾਈ ਮਈ 2022 ਤੋਂ ਬਾਅਦ ਸਭ ਤੋਂ ਵੱਧ ਦਰਜ ਹੋਈ ਹੈ। ਮਈ 2022 ਵਿਚ ਮਹਿੰਗਾਈ ਦਰ 7.79 ਫੀਸਦੀ ’ਤੇ ਪੁੱਜੀ ਸੀ। ਜੁਲਾਈ ਮਹੀਨੇ ਵਿਚ ਸਬਜ਼ੀਆਂ ਦੀ ਮਹਿੰਗਾਈ ਦਰ ’ਚ ਜ਼ਬਰਦਸਤ ਉਛਾਲ ਆਇਆ ਅਤੇ ਇਹ ਵਧ ਕੇ 37.34 ਫੀਸਦੀ ’ਤੇ ਪੁੱਜ ਗਈ। ਫੂਡ ਐਂਡ ਬੈਵਰੇਜੇਜ ਲਈ ਮਹਿੰਗਾਈ ਦਰ 4.63 ਫੀਸਦੀ ਤੋਂ ਵਧ ਕੇ 10.57 ਫੀਸਦੀ ’ਤੇ ਪੁੱਜ ਗਈ। ਇਸ ਤਰ੍ਹਾਂ ਖਪਤਕਾਰ ਮੁੱਲ ਸੂਚਕ ਅੰਕ (ਸੀ. ਪੀ. ਆਈ.) ਆਧਾਰਿਤ ਮਹਿੰਗਾਈ ਦਰ ਆਰ. ਬੀ. ਆਈ. ਦੇ ਸਹਿਣਯੋਗ ਪੱਧਰ ਦੀ ਅੱਪਰ ਲਿਮਟ ਨੂੰ ਪਾਰ ਕਰ ਗਈ ਹੈ। ਆਰ. ਬੀ. ਆਈ. ਦਾ ਸਹਿਣਯੋਗ ਪੱਧਰ 2 ਤੋਂ 6 ਫੀਸਦੀ ਹੈ। ਇਹ ਲਗਾਤਾਰ ਚਾਰ ਮਹੀਨਿਅ ਤੋਂ ਆਰ. ਬੀ. ਆਈ. ਦੇ ਸਹਿਣਯੋਗ ਪੱਧਰ ਦੇ ਅੰਦਰ ਸੀ।

ਖਾਣ ਵਾਲੀਆਂ ਵਸਤਾਂ ਦੀ ਮਹਿੰਗਾਈ ’ਚ ਭਾਰੀ ਉਛਾਲ
ਜੂਨ ’ਚ ਕੰਜ਼ਿਊਮਰ ਫੂਡ ਪ੍ਰਾਈਸ ਇੰਡੈਕਸ (ਸੀ. ਐੱਫ. ਪੀ. ਆਈ.) 4.49 ਫੀਸਦੀ ਤੋਂ ਵਧ ਕੇ 11.51 ਫੀਸਦੀ ’ਤੇ ਪੁੱਜ ਗਈ ਸੀ। ਪੇਂਡੂ ਖੇਤਰਾਂ ਦੀ ਮਹਿੰਗਾਈ ਦਰ 7.63 ਫੀਸਦੀ ’ਤੇ ਰਹੀ ਜਦ ਕਿ ਸ਼ਹਿਰੀ ਮਹਿੰਗਾਈ ਦਰ 7.20 ਫੀਸਦੀ ’ਤੇ ਰਹੀ। ਬੀਤੇ ਮਹੀਨੇ ਟਮਾਟਰ ਸਮੇਤ ਕਈ ਸਬਜ਼ੀਆਂ ਦੀਆਂ ਕੀਮਤਾਂ ਵਿਚ ਭਾਰੀ ਉਛਾਲ ਕਾਰਨ ਮਹਿੰਗਾਈ ਦਰ ’ਚ ਇਹ ਵਾਧਾ ਹੋਇਆ।

1400 ਫੀਸਦੀ ਉਛਲੀਆਂ ਟਮਾਟਰ ਦੀਆਂ ਕੀਮਤਾਂ
ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਮਹਿੰਗਾਈ ਦੀ ਟੋਕਰੀ ਦਾ ਲਗਭਗ ਅੱਧਾ ਹਿੱਸਾ ਹਨ। ਇਸ ’ਚ ਪਿਛਲੇ 2 ਮਹੀਨਿਆਂ ਵਿਚ ਜ਼ਬਰਦਸਤ ਉਛਾਲ ਆਇਆ ਹੈ। ਦੇਸ਼ ’ਚ ਅਨਿਯਮਿਤ ਮਾਨਸੂਨ ਕਾਰਨ ਸਬਜ਼ੀਆਂ ਦੀਆਂ ਕੀਮਤਾਂ ਵਧੀਆਂ। ਇਸ ਨਾਲ ਪਿਛਲੇ 3 ਮਹੀਨਿਆਂ ’ਚ ਥੋਕ ਬਾਜ਼ਾਰ ਵਿਚ ਟਮਾਟਰ ਦੀਆਂ ਕੀਮਤਾਂ 1400 ਫੀਸਦੀ ਤੋਂ ਜ਼ਿਆਦਾ ਵਧ ਗਈਆਂ।

Leave a Reply

Your email address will not be published. Required fields are marked *