ਲੀਬੀਆ ’ਚ ਵਿਰੋਧੀ ਧਿਰਾਂ ਵਿਚਾਲੇ ਹਿੰਸਕ ਝੜਪਾਂ, 27 ਦੀ ਮੌਤ

ਲੀਬੀਆ ਦੀ ਰਾਜਧਾਨੀ ਵਿਚ ਮੰਗਲਵਾਰ ਨੂੰ ਵਿਰੋਧੀ ਮਿਲੀਸ਼ੀਆ ਸਮੂਹਾਂ ਵਿਚਾਲੇ ਹਿੰਸਕ ਝੜਪਾਂ ਵਿੱਚ ਘੱਟੋ-ਘੱਟ 27 ਲੋਕਾਂ ਦੀ ਮੌਤ ਹੋ ਗਈ ਅਤੇ ਲੋਕਾਂ ਨੂੰ ਆਪਣੇ ਘਰਾਂ ਵਿਚ ਕੈਦ ਹੋਣ ਲਈ ਮਜਬੂਰ ਹੋਣਾ ਪਿਆ, ਕਿਉਂਕਿ ਉਨ੍ਹਾਂ ਨੂੰ ਰਹਿਣ ਲਈ ਸੁਰੱਖਿਅਤ ਥਾਵਾਂ ਨਹੀਂ ਮਿਲੀਆਂ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਸੋਮਵਾਰ ਦੇਰ ਰਾਤ 444 ਬ੍ਰਿਗੇਡ ਅਤੇ ‘ਸਪੈਸ਼ਲ ਡਿਟਰੈਂਸ ਫੋਰਸ’ ਦੇ ਲੜਾਕਿਆਂ ਵਿਚਾਲੇ ਝੜਪਾਂ ਸ਼ੁਰੂ ਹੋਈਆਂ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੋਮਵਾਰ ਸਵੇਰੇ ਤ੍ਰਿਪੋਲੀ ਦੇ ਇਕ ਹਵਾਈ ਅੱਡੇ ’ਤੇ 444 ਬ੍ਰਿਗੇਡ ਦੇ ਸੀਨੀਅਰ ਕਮਾਂਡਰ ਮੁਹੰਮਦ ਹਮਜ਼ਾ ਨੂੰ ਕਥਿਤ ਤੌਰ ’ਤੇ ਵਿਰੋਧੀ ਸਮੂਹ ਦੁਆਰਾ ਫੜ੍ਹੇ ਜਾਣ ਤੋਂ ਬਾਅਦ ਤਣਾਅ ਪੈਦਾ ਹੋ ਗਿਆ। ਇਨ੍ਹਾਂ ਝੜਪਾਂ ਵਿੱਚ 100 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ।

ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਮਰਨ ਵਾਲੇ ਲੜਾਕੂ ਸਮੂਹ ਦੇ ਸਨ ਜਾਂ ਆਮ ਨਾਗਰਿਕ। ਝੜਪਾਂ ‘ਤੇ ਲੀਬੀਆ ਦੇ ਰੈੱਡ ਕ੍ਰੀਸੈਂਟ ਤੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ। ਜਿਵੇਂ ਕਿ ਮੰਗਲਵਾਰ ਨੂੰ ਝੜਪਾਂ ਜਾਰੀ ਰਹੀਆਂ, ਸਿਹਤ ਮੰਤਰਾਲੇ ਨੇ ਦੋਵਾਂ ਧਿਰਾਂ ਨੂੰ ਐਂਬੂਲੈਂਸਾਂ ਅਤੇ ਐਮਰਜੈਂਸੀ ਟੀਮਾਂ ਨੂੰ ਪ੍ਰਭਾਵਿਤ ਖੇਤਰਾਂ ਵਿੱਚ ਦਾਖਲ ਹੋਣ ਅਤੇ ਨੇੜਲੇ ਹਸਪਤਾਲਾਂ ਵਿੱਚ ਖੂਨ ਦੀ ਸਪਲਾਈ ਕਰਨ ਦੀ ਆਗਿਆ ਦੇਣ ਦੀ ਅਪੀਲ ਕੀਤੀ। ਸ਼ੁਰੂ ਵਿਚ ਇਹ ਝੜਪ ਸ਼ਹਿਰ ਦੇ ਦੱਖਣੀ ਸਿਰੇ ‘ਤੇ ਹੋਈ। ਲੀਬੀਆ ਦੇ ਰੱਖਿਆ ਮੰਤਰਾਲੇ ਨਾਲ ਜੁੜੇ ਇੱਕ ਮੈਡੀਕਲ ਸਮੂਹ ਦੇ ਬੁਲਾਰੇ ਅਬਦੁਲ ਰਹਿਮਾਨ ਕਪਲਾਨ ਨੇ ਮੰਗਲਵਾਰ ਸ਼ਾਮ ਨੂੰ ਲੀਬੀਆ ਦੇ ਰਾਸ਼ਟਰੀ ਚੈਨਲ ਨੂੰ ਦੱਸਿਆ ਕਿ ਚਾਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ 20 ਜ਼ਖਮੀਆਂ ਦਾ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *