ਦਿੱਲੀ ਦੀਆਂ 7 ਸੀਟਾਂ ’ਤੇ ਚੋਣਾਂ ਲੜੇਗੀ ਕਾਂਗਰਸ!, ‘ਆਪ’ ਨੇ ‘ਇੰਡੀਆ’ ਦੀ ਮੀਟਿੰਗ ’ਚ ਸ਼ਾਮਲ ਨਾ ਹੋਣ ਦੀ ਦਿੱਤੀ ਚੇਤਾਵਨੀ

ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦਿੱਲੀ ਇਕਾਈ ਦੇ ਸੀਨੀਅਰ ਨੇਤਾਵਾਂ ਨਾਲ ਬੈਠਕ ਕਰ ਕੇ ਰਾਸ਼ਟਰੀ ਰਾਜਧਾਨੀ ’ਚ ਲੋਕ ਸਭਾ ਦੀਆਂ ਸਾਰੀਆਂ 7 ਸੀਟਾਂ ਲਈ ਤਿਆਰੀਆਂ ਅਤੇ ਜ਼ਮੀਨੀ ਪੱਧਰ ‘ਤੇ ਸੰਗਠਨ ਨੂੰ ਮਜ਼ਬੂਤ ​​ਕਰਨ ’ਤੇ ਚਰਚਾ ਕਰਨ ਦਾ ਫੈਸਲਾ ਕੀਤਾ। ਸੂਤਰਾਂ ਦਾ ਕਹਿਣਾ ਹੈ ਕਿ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਗੂਆਂ ਨੇ ਲੋਕ ਸਭਾ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨਾਲ ਗਠਜੋੜ ਦਾ ਫੈਸਲਾ ਪਾਰਟੀ ਲੀਡਰਸ਼ਿਪ ’ਤੇ ਛੱਡ ਦਿੱਤਾ ਹੈ। ਪਾਰਟੀ ਦੀ ਸੂਬਾ ਇਕਾਈ ਦੇ ਵਧੇਰੇ ਨੇਤਾਵਾਂ ਦੀ ਰਾਏ ਗਠਜੋੜ ਦੇ ਵਿਰੁੱਧ ਹੈ। ਸੂਤਰਾਂ ਨੇ ਇਹ ਵੀ ਕਿਹਾ ਕਿ ਖੜਗੇ ਅਤੇ ਰਾਹੁਲ ਨੇ ਇਕਜੁੱਟ ਹੋ ਕੇ ਅੱਗੇ ਵਧਣ ਅਤੇ ਜ਼ਮੀਨੀ ਪੱਧਰ ’ਤੇ ਸੰਗਠਨ ਨੂੰ ਮਜ਼ਬੂਤ ​​ਕਰਨ ’ਤੇ ਜ਼ੋਰ ਦਿੱਤਾ। ਮੀਟਿੰਗ ਤੋਂ ਬਾਅਦ ਕਾਂਗਰਸ ਦੀ ਨੇਤਰੀ ਅਲਕਾ ਲਾਂਬਾ ਨੇ ਕਿਹਾ ਕਿ ਕਾਂਗਰਸ ਦਿੱਲੀ ਦੀਆਂ ਸਾਰੀਆਂ 7 ਸੀਟਾਂ ’ਤੇ ਇੱਕਲਿਆਂ ਚੋਣ ਲੜ ਸਕਦੀ ਹੈ । ਨੇਤਾਵਾਂ ਨੂੰ ਸਾਰੀਆਂ 7 ਸੀਟਾਂ ’ਤੇ ਲੋਕਾਂ ਦਰਮਿਆਨ ਜਾਣ ਲਈ ਕਿਹਾ ਗਿਆ ਹੈ।

ਬੱਬਰੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੀਟਿੰਗ ਵਿੱਚ ਗਠਜੋੜ ਬਾਰੇ ਕੋਈ ਚਰਚਾ ਨਹੀਂ ਹੋਈ ਪਰ ਕਾਂਗਰਸ ਲੀਡਰਸ਼ਿਪ ਇਸ ਸਬੰਧੀ ਜੋ ਵੀ ਫੈਸਲਾ ਕਰੇਗੀ, ਉਹ ਸਭ ਨੂੰ ਪ੍ਰਵਾਨ ਹੋਵੇਗਾ। ਆਮ ਆਦਮੀ ਪਾਰਟੀ ਦੀ ਮੁੱਖ ਬੁਲਾਰੇ ਪ੍ਰਿਯੰਕਾ ਕੱਕੜ ਨੇ ਉਨ੍ਹਾਂ ਦੇ ਬਿਆਨ ’ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਜੇ ਕਾਂਗਰਸ ਨੇ ਅਜਿਹਾ ਕੋਈ ਫੈਸਲਾ ਲਿਆ ਹੈ ਤਾਂ 31 ਅਗਸਤ ਅਤੇ 1 ਸਤੰਬਰ ਨੂੰ ਮੁੰਬਈ ’ਚ ਹੋਣ ਵਾਲੀ ਵਿਰੋਧੀ ਧਿਰ ਦੀ ਬੈਠਕ ’ਚ ‘ਆਪ’ ਦੇ ਸ਼ਾਮਲ ਹੋਣ ਦਾ ਕੋਈ ਮਤਲਬ ਨਹੀਂ ਹੈ। ਸਾਡੀ ਸਿਖਰਲੀ ਲੀਡਰਸ਼ਿਪ ਤੈਅ ਕਰੇਗੀ ਕਿ ‘ਇੰਡੀਅਾ’ ਗਠਜੋੜ ਦੀ ਅਗਲੀ ਮੀਟਿੰਗ ਵਿਚ ਸ਼ਾਮਲ ਹੋਣਾ ਹੈ ਜਾਂ ਨਹੀਂ।

Leave a Reply

Your email address will not be published. Required fields are marked *