ਮਣੀਪੁਰ ਹਿੰਸਾ ਨੂੰ ਲੈ ਕੇ ਦਿੱਲੀ ਵਿਧਾਨ ਸਭਾ ’ਚ ਹੰਗਾਮਾ :ਮਾਰਸ਼ਲਾਂ ਨੇ ਭਾਜਪਾ ਦੇ 5 ਵਿਧਾਇਕਾਂ ਨੂੰ ਹਾਊਸ ’ਚੋਂ ਬਾਹਰ ਕੱਢਿਆ

ਮਣੀਪੁਰ ਮੁੱਦੇ ’ਤੇ ਚਰਚਾ ਦਾ ਵਿਰੋਧ ਕਰਨ ’ਤੇ ਦਿੱਲੀ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਭਾਜਪਾ ਦੇ ਪੰਜ ਵਿਧਾਇਕਾਂ ਨੂੰ ਮਾਰਸ਼ਲਾਂ ਨੇ ਬਾਹਰ ਕੱਢ ਦਿੱਤਾ, ਜਿਸ ਤੋਂ ਬਾਅਦ ਪਾਰਟੀ ਦੇ ਹੋਰ ਮੈਂਬਰਾਂ ਨੇ ਵਾਕ ਆਊਟ ਕਰ ਦਿੱਤਾ। ਆਮ ਆਦਮੀ ਪਾਰਟੀ ਦੇ ਵਿਧਾਇਕ ਦੁਰਗੇਸ਼ ਪਾਠਕ ਨੇ ਉੱਤਰੀ-ਪੂਰਬੀ ਸੂਬੇ ’ਚ ਹਿੰਸਾ ’ਤੇ ਥੋੜ੍ਹੇ ਸਮੇਂ ਲਈ ਚਰਚਾ ਸ਼ੁਰੂ ਕੀਤੀ, ਜਿਸ ਦਾ ਭਾਜਪਾ ਦੇ ਵਿਧਾਇਕਾਂ ਨੇ ਆਪਣੀਆਂ ਸੀਟਾਂ ਤੋਂ ਉੱਠ ਕੇ ਵਿਰੋਧ ਕੀਤਾ ਅਤੇ ਕਿਹਾ ਕਿ ਦਿੱਲੀ ਨਾਲ ਸਬੰਧਤ ਮੁੱਦਿਆਂ ’ਤੇ ਹਾਊਸ ਵਿੱਚ ਬਹਿਸ ਹੋਣੀ ਚਾਹੀਦੀ ਹੈ। ਪਾਠਕ ਨੇ ਕਿਹਾ ਕਿ ਮਣੀਪੁਰ ਦੇ ਹਜ਼ਾਰਾਂ ਲੋਕ ਦਿੱਲੀ ’ਚ ਰਹਿੰਦੇ ਹਨ। ਹਾਊਸ ’ਚ ਇਸ ਮੁੱਦੇ ’ਤੇ ਚਰਚਾ ਕਰਨਾ ਸਾਡਾ ਅਧਿਕਾਰ ਅਤੇ ਫਰਜ਼ ਹੈ। ਵਿਧਾਨ ਸਭਾ ਦੀ ਡਿਪਟੀ ਸਪੀਕਰ ਰਾਖੀ ਨੇ ਭਾਜਪਾ ਵਿਧਾਇਕਾਂ ਦੇ ਵਿਰੋਧ ’ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਕੀ ਉਨ੍ਹਾਂ ਨੂੰ ਲੱਗਦਾ ਹੈ ਕਿ ਮਣੀਪੁਰ ਇਸ ਵਿਧਾਨ ਸਭਾ ’ਚ ਚਰਚਾ ਕਰਨ ਵਾਲਾ ਮੁੱਦਾ ਨਹੀਂ ਹੈ? ਉੱਤਰ ਪ੍ਰਦੇਸ਼ ਵਿਧਾਨ ਸਭਾ ’ਚ ਵੀ ਮਣੀਪੁਰ ਮੁੱਦੇ ’ਤੇ ਚਰਚਾ ਹੋਈ ਹੈ।

ਭਾਜਪਾ ਵਿਧਾਇਕਾਂ ਨੇ ਆਪਣਾ ਵਿਰੋਧ ਜਾਰੀ ਰੱਖਿਆ ਜਿਸ ਪਿੱਛੋਂ ਅਭੇ ਵਰਮਾ, ਜਤਿੰਦਰ ਮਹਾਜਨ, ਅਜੇ ਮਹਾਵਰ ਅਤੇ ਓ.ਪੀ. ਸ਼ਰਮਾ ਨੂੰ ਮਾਰਸ਼ਲਾਂ ਦੀ ਮਦਦ ਨਾਲ ਹਾਊਸ ’ਚੋਂ ਬਾਹਰ ਕੱਢਿਆ ਗਿਆ। ਬਾਅਦ ‘ਚ ਮੋਹਨ ਸਿੰਘ ਬਿਸ਼ਟ ਨੂੰ ਵੀ ਮਾਰਸ਼ਲਾਂ ਦੀ ਮਦਦ ਨਾਲ ਬਾਹਰ ਕੱਢ ਦਿੱਤਾ ਗਿਆ। ਇਸ ਪਿੱਛੋਂ ਭਾਜਪਾ ਮੈਂਬਰਾਂ ਨੇ ਵਾਕ ਆਊਟ ਕੀਤਾ। ਬਾਅਦ ’ਚ ਭਾਜਪਾ ਵਿਧਾਇਕਾਂ ਨੇ ‘ਆਪ’ ਸਰਕਾਰ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਉਂਦੇ ਹੋਏ ਵਿਧਾਨ ਸਭਾ ’ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ। ਉਨ੍ਹਾਂ ਕਾਲੀਆਂ ਟੀ-ਸ਼ਰਟਾਂ ਅਤੇ ਕੈਪ ਪਹਿਨ ਕੇ ਤੇ ਹੱਥਾਂ ’ਚ ਤਖ਼ਤੀਆਂ ਫੜ ਕੇ ਕੇਜਰੀਵਾਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੀਆਂ ਟੀ-ਸ਼ਰਟਾਂ ’ਤੇ ਸਰਕਾਰ ਦੇ ਕਥਿਤ ਘਪਲਿਆਂ ਦੀ ਸੂਚੀ ਛਪੀ ਹੋਈ ਸੀ। ਪਾਠਕ ਦੀ ਅਗਵਾਈ ਵਿੱਚ ‘ਆਪ’ ਦੇ ਵਿਧਾਇਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

Leave a Reply

Your email address will not be published. Required fields are marked *