ਖਾਣ ਵਾਲੇ ਪਦਾਰਥਾਂ ’ਚ ਮਹਿੰਗਾਈ ਅਸਥਾਈ ਰਹਿਣ ਦੀ ਸੰਭਾਵਨਾ : ਵਿੱਤ ਮੰਤਰਾਲਾ

ਵਿੱਤ ਮੰਤਰਾਲਾ ਨੇ ਕਿਹਾ ਕਿ ਖਾਣ ਵਾਲੇ ਪਦਾਰਥਾਂ ’ਚ ਮਹਿੰਗਾਈ ਅਸਥਾਈ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਸਰਕਾਰ ਦੇ ਸਾਵਧਾਨੀ ਵਜੋਂ ਚੁੱਕੇ ਗਏ ਕਦਮ ਅਤੇ ਤਾਜ਼ਾ ਫਸਲਾਂ ਦੀ ਆਮਦ ਨਾਲ ਕੀਮਤਾਂ ਘੱਟ ਹੋਣਗੀਆਂ। ਹਾਲਾਂਕਿ ਗਲੋਬਲ ਅਨਿਸ਼ਚਿਤਤਾ ਅਤੇ ਘਰੇਲੂ ਰੁਕਾਵਟਾਂ ਆਗਾਮੀ ਮਹੀਨਿਆਂ ਵਿਚ ਮਹਿੰਗਾਈ ਦੇ ਦਬਾਅ ਨੂੰ ਵਧਾ ਸਕਦੇ ਹਨ। ਮੰਤਰਾਲਾ ਨੇ ਜੁਲਾਈ ਲਈ ਆਪਣੀ ਮਾਸਿਕ ਆਰਥਿਕ ਸਮੀਖਿਆ ਵਿਚ ਕਿਹਾ ਕਿ ਅੱਗੇ ਘਰੇਲੂ ਖਪਤ ਅਤੇ ਨਿਵੇਸ਼ ਦੀ ਮੰਗ ਨਾਲ ਵਿਕਾਸ ਜਾਰੀ ਰਹਿਣ ਦੀ ਉਮੀਦ ਹੈ। ਚਾਲੂ ਵਿੱਤੀ ਸਾਲ ’ਚ ਸਰਕਾਰ ਵੱਲੋਂ ਪੂੰਜੀ ਖਰਚ ਲਈ ਕੀਤੇ ਗਏ ਵਾਧੇ ਕਾਰਨ ਹੁਣ ਨਿੱਜੀ ਨਿਵੇਸ਼ ਵਧ ਰਿਹਾ ਹੈ। ਖਪਤਕਾਰ ਮੁੱਲ ਸੂਚਕ ਅੰਕ ਆਧਾਰਿਤ ਪ੍ਰਚੂਨ ਮਹਿੰਗਾਈ ਜੁਲਾਈ 2023 ’ਚ 15 ਮਹੀਨਿਆਂ ਦੇ ਉੱਚ ਪੱਧਰ 7.44 ਫੀਸਦੀ ’ਤੇ ਪੁੱਜ ਗਈ। ਹਾਲਾਂਕਿ ਮੁੱਖ ਮਹਿੰਗਾਈ 30 ਮਹੀਨਿਆਂ ਦੇ ਹੇਠਲੇ ਪੱਧਰ 4.9 ਫੀਸਦੀ ’ਤੇ ਰਹੀ। ਮੰਤਰਾਲਾ ਨੇ ਕਿਹਾ ਕਿ ਅਨਾਜ, ਦਾਲਾਂ ਅਤੇ ਸਬਜ਼ੀਆਂ ਦੀ ਕੀਮਤ ’ਚ ਜੁਲਾਈ ਵਿਚ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ’ਚ ਦੋਹਰੇ ਅੰਕ ਦਾ ਵਾਧਾ ਦੇਖਿਆ ਗਿਆ। ਘਰੇਲੂ ਉਤਪਾਦਨ ’ਚ ਰੁਕਾਵਟ ਨੇ ਵੀ ਮਹਿੰਗਾਈ ’ਤੇ ਦਬਾਅ ਵਧਾ ਦਿੱਤਾ।

ਮਾਸਿਕ ਆਰਥਿਕ ਸਮੀਖਿਆ ਮੁਤਾਬਕ ਸਰਕਾਰ ਨੇ ਖੁਰਾਕ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਪਹਿਲਾਂ ਤੋਂ ਹੀ ਸਾਵਧਾਨੀ ਨਾਲ ਕਦਮ ਉਠਾਏ ਹਨ, ਜਿਸ ਨਾਲ ਤਾਜ਼ਾ ਭੰਡਾਰ ਦੀ ਆਮਦ ਨਾਲ ਬਾਜ਼ਾਰ ’ਚ ਕੀਮਤਾਂ ਦਾ ਦਬਾਅ ਛੇਤੀ ਹੀ ਘੱਟ ਹੋਣ ਦੀ ਸੰਭਾਵਨਾ ਹੈ…ਖਾਣ ਵਾਲੇ ਪਦਾਰਥਾਂ ਵਿਚ ਕੀਮਤਾਂ ਦਾ ਦਬਾਅ ਅਸਥਾਈ ਰਹਿਣ ਦੀ ਉਮੀਦ ਹੈ। ਮੰਤਰਾਲਾ ਨੇ ਕਿਹਾ ਕਿ ਟਮਾਟਰ, ਹਰੀ ਮਿਰਚ, ਅਦਰਕ ਅਤੇ ਲਸਣ ਵਰਗੀਆਂ ਵਸਤਾਂ ਦੀਆਂ ਕੀਮਤਾਂ 50 ਫੀਸਦੀ ਤੋਂ ਜ਼ਿਆਦਾ ਵਧੀਆਂ। ਇਸ ਲਈ ਕੁਝ ਵਸਤਾਂ ਦੀਆਂ ਕੀਮਤਾਂ ਵਿਚ ਅਸਧਾਰਨ ਵਾਧੇ ਕਾਰਨ ਜੁਲਾਈ 2023 ਵਿਚ ਖੁਰਾਕੀ ਮਹਿੰਗਾਈ ਦਰ ਉੱਚੀ ਰਹੀ।

Leave a Reply

Your email address will not be published. Required fields are marked *