ਸਾਲ 2050 ਤੱਕ ਦੁਨੀਆ ਭਰ ’ਚ ਇਕ ਅਰਬ ਲੋਕ ਹੋ ਸਕਦੇ ਹਨ ‘ਆਸਟੀਓਆਰਥਰਾਈਟਿਸ’ ਤੋਂ ਪੀੜਤ : ਖੋਜ

2050 ਤੱਕ ਦੁਨੀਆ ਭਰ ’ਚ ਲਗਭਗ ਇਕ ਅਰਬ ਲੋਕ ਜੋੜਾਂ ਨੂੰ ਪ੍ਰਭਾਵਿਤ ਕਰਨ ਵਾਲੀ ਸਮੱਸਿਆ ‘ਆਸਟੀਓਆਰਥਰਾਈਟਿਸ’ ਤੋਂ ਪੀੜਤ ਹੋ ਸਕਦੇ ਹਨ। ਇਹ ਜਾਣਕਾਰੀ ‘ਦਿ ਲੈਂਸੇਟ ਰਾਇਮੈਟੋਲੋਜੀ’ ਜਰਨਲ ਵਿਚ ਪ੍ਰਕਾਸ਼ਤ ਨਵੀਂ ਖੋਜ ਤੋਂ ਸਾਹਮਣੇ ਆਈ ਹੈ। ਖੋਜ ਦੌਰਾਨ 200 ਤੋਂ ਵੱਧ ਦੇਸ਼ਾਂ ਵਿਚ 1990 ਤੋਂ 2020 ਤੱਕ ਦੇ ‘ਆਸਟੀਓਆਰਥਰਾਈਟਿਸ’ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ। ਖੋਜ ਤੋਂ ਪਤਾ ਲੱਗਾ ਹੈ ਕਿ ਇਸ ਵੇਲੇ ਦੁਨੀਆ ਦੀ 30 ਸਾਲ ਜਾਂ ਇਸ ਤੋਂ ਵੱਧ ਉਮਰ ਦੀ 15 ਫੀਸਦੀ ਆਬਾਦੀ ‘ਆਸਟੀਓਆਰਥਰਾਈਟਿਸ’ ਦਾ ਸਾਹਮਣਾ ਕਰ ਰਹੀ ਹੈ। ਖੋਜ ਵਿਚ ਕਿਹਾ ਗਿਆ ਹੈ ਕਿ 2020 ਵਿਚ, 59 ਕਰੋੜ 50 ਲੱਖ ਲੋਕਾਂ ਦੇ ‘ਆਸਟੀਓਆਰਥਰਾਈਟਿਸ’ ਤੋਂ ਪੀੜਤ ਹੋਣ ਦਾ ਪਤਾ ਲੱਗਾ, ਇਹ ਗਿਣਤੀ 1990 ਦੇ ਮੁਕਾਬਲੇ 132 ਫੀਸਦੀ ਵੱਧ ਹੈ। ਖੋਜ ਮੁਤਾਬਕ 1990 ਵਿਚ 25 ਕਰੋੜ 60 ਲੱਖ ਲੋਕ ਇਸ ਤੋਂ ਪ੍ਰਭਾਵਿਤ ਹੋਏ ਸਨ। ਇਹ ਖੋਜ ਅਮਰੀਕਾ ਦੇ ਵਾਸ਼ਿੰਗਟਨ ਸਥਿਤ ‘ਇੰਸਟੀਚਿਊਟ ਫਾਰ ਹੈਲਥ ਮੈਟ੍ਰਿਕਸ ਐਂਡ ਇਵੈਲੂਏਸ਼ਨ (ਆਈ. ਐੱਚ. ਐੱਮ. ਈ.)’ ਦੀ ਅਗਵਾਈ ’ਚ ‘ਗਲੋਬਲ ਬਰਡਨ ਆਫ ਡਿਜ਼ੀਜ਼ ਸਟੱਡੀ’ 2021 ਦੇ ਤਹਿਤ ਕੀਤੀ ਗਈ ਹੈ।

ਖੋਜ ਨੇ ‘ਆਸਟੀਓਆਰਥਰਾਈਟਿਸ’ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਵਾਧੇ ਲਈ ਮੁੱਖ ਤੌਰ ’ਤੇ ਉਮਰ ਵਧਣ, ਆਬਾਦੀ ਵਾਧੇ ਅਤੇ ਮੋਟਾਪੇ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ। ਆਈ. ਐੱਚ. ਐੱਮ. ਈ. ਵਿਚ ਖੋਜ ਨਾਲ ਸਬੰਧਤ ਲੇਖਕ ਅਤੇ ਮੁੱਖ ਖੋਜ ਵਿਗਿਆਨੀ ਜੇਮੀ ਸਟੀਨਮੇਟਜ ਨੇ ਕਿਹਾ ਕਿ ਉਮਰ ਵਧਣ ਵਾਲੇ ਲੋਕਾਂ ਅਤੇ ਦੁਨੀਆਭਰ ਵਿਚ ਵਧਦੀ ਆਬਾਦੀ ਦਰਮਿਆਨ ਸਾਨੂੰ ਜ਼ਿਆਦਾਤਰ ਦੇਸ਼ਾਂ ਵਿਚ ਸਿਹਤ ਪ੍ਰਣਾਲੀਆਂ ’ਤੇ ਦਬਾਅ ਦਾ ਅਨੁਮਾਨ ਲਗਾਉਣ ਦੀ ਲੋੜ ਹੈ। ਖੋਜ ਮੁਤਾਬਕ 2050 ਤੱਕ ਦੁਨੀਆਭਰ ਵਿਚ ਲਗਭਗ ਇਕ ਅਰਬ ਲੋਕ ਜੋੜਾਂ ਨੂੰ ਪ੍ਰਭਾਵਿਤ ਕਰਨ ਵਾਲੀ ਸਮੱਸਿਆ ‘ਆਸਟੀਓਆਰਥਰਾਈਟਿਸ’ ਤੋਂ ਪੀੜਤ ਹੋ ਸਕਦੇ ਹਨ।

Leave a Reply

Your email address will not be published. Required fields are marked *