ਪ੍ਰਧਾਨ ਮੰਤਰੀ ਮੋਦੀ ਦੀ ਚੀਨੀ ਰਾਸ਼ਟਰਪਤੀ ਜਿਨਪਿੰਗ ਨੂੰ ਦੋ-ਟੁਕ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਕਸ ਸਿਖਰ ਸੰਮੇਲਨ ਤੋਂ ਵੱਖਰੇ ਤੌਰ ’ਤੇ ਗੱਲਬਾਤ ’ਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ’ਤੇ ਅਣਸੁਲਝੇ ਮੁੱਦਿਆਂ ਦੇ ਸਬੰਧ ’ਚ ਭਾਰਤ ਦੀਆਂ ਚਿੰਤਾਵਾਂ ਤੋਂ ਜਾਣੂ ਕਰਵਾਇਆ। ਵਿਦੇਸ਼ ਸਕੱਤਰ ਵਿਨੇ ਕਵਾਤਰਾ ਅਨੁਸਾਰ ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਸਰਹੱਦੀ ਖੇਤਰਾਂ ’ਚ ਸ਼ਾਂਤੀ ਬਣਾਈ ਰੱਖਣਾ ਅਤੇ ਐੱਲ . ਏ. ਸੀ. ਦਾ ਸਨਮਾਨ ਕਰਨਾ ਭਾਰਤ-ਚੀਨ ਸਬੰਧਾਂ ਨੂੰ ਸਾਧਾਰਣ ਬਣਾਉਣ ਲਈ ਜ਼ਰੂਰੀ ਹੈ। ਵਿਦੇਸ਼ ਸਕੱਤਰ ਨੇ ਕਿਹਾ ਕਿ ਇਸ ਸਬੰਧ ’ਚ ਦੋਵੇਂ ਨੇਤਾ ਆਪਣੇ ਸਬੰਧਤ ਅਧਿਕਾਰੀਆਂ ਨੂੰ ਫੌਜੀਆਂ ਦੀ ਛੇਤੀ ਵਾਪਸੀ ਅਤੇ ਤਣਾਅ ਘੱਟ ਕਰਨ ਦੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰਨ ਦਾ ਹੁਕਮ ਦੇਣ ’ਤੇ ਸਹਿਮਤ ਹੋਏ। ਮਈ, 2020 ’ਚ ਪੂਰਬੀ ਲੱਦਾਖ ’ਚ ਸਰਹੱਦ ’ਤੇ ਡੈੱਡਲਾਕ ਸ਼ੁਰੂ ਹੋਣ ਤੋਂ ਬਾਅਦ ਭਾਰਤ ਅਤੇ ਚੀਨ ਵਿਚਾਲੇ ਸਬੰਧਾਂ ’ਚ ਤਣਾਅ ਪੈਦਾ ਹੋ ਗਿਆ।

ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਪੂਰਬੀ ਲੱਦਾਖ ’ਚ ਕੁਝ ਥਾਵਾਂ ’ਤੇ ਡੈੱਡਲਾਕ ਬਣਿਆ ਹੋਇਆ ਹੈ, ਜਦੋਂ ਕਿ ਦੋਵਾਂ ਪੱਖਾਂ ਨੇ ਵਿਆਪਕ ਡਿਪਲੋਮੈਟਿਕ ਅਤੇ ਫੌਜੀ ਵਾਰਤਾ ਤੋਂ ਬਾਅਦ ਕਈ ਖੇਤਰਾਂ ਤੋਂ ਫੌਜੀਆਂ ਨੂੰ ਪਿੱਛੇ ਹਟਾਉਣ ਦੀ ਪ੍ਰਕਿਰਿਆ ਪੂਰੀ ਕਰ ਲਈ ਹੈ। ਭਾਰਤ ਅਤੇ ਚੀਨ ਨੇ 13 ਅਤੇ 14 ਅਗਸਤ ਨੂੰ ਕੋਰ ਕਮਾਂਡਰ-ਪੱਧਰੀ ਗੱਲਬਾਤ ਦਾ 19ਵਾਂ ਦੌਰ ਆਯੋਜਿਤ ਕੀਤਾ, ਜਿਸ ’ਚ ਪੂਰਬੀ ਲੱਦਾਖ ਦੇ ਦੇਪਸਾਂਗ ਅਤੇ ਡੇਮਚੋਕ ਦੇ ਡੈੱਡਲਾਕ ਵਾਲੇ ਖੇਤਰਾਂ ’ਚ ਲਟਕੇ ਮੁੱਦਿਆਂ ਨੂੰ ਹੱਲ ਕਰਨ ’ਤੇ ਧਿਆਨ ਕੇਦਰਿਤ ਕੀਤਾ ਗਿਆ। ਇਕ ਸਾਂਝੇ ਬਿਆਨ ’ਚ ਗੱਲਬਾਤ ਨੂੰ ‘ਸਕਾਰਾਤਮਕ, ਉਸਾਰੂ ਅਤੇ ਗਹਿਰਾਈ ਵਾਲੀ’ ਦੱਸਿਆ ਗਿਆ ਅਤੇ ਦੋਵੇਂ ਪੱਖ ਬਾਕੀ ਮੁੱਦਿਆਂ ਦਾ ਛੇਤੀ ਨਾਲ ਹੱਲ ਕਰਨ ’ਤੇ ਸਹਿਮਤ ਹੋਏ।

Leave a Reply

Your email address will not be published. Required fields are marked *