ਉਡਦੇ ਜਹਾਜ਼ ‘ਚ ਵਿਗੜੀ 2 ਸਾਲਾ ਬੱਚੀ ਦੀ ਸਿਹਤ, ਦਿੱਲੀ ਏਮਜ਼ ਦੇ ਡਾਕਟਰ ਬਣੇ ‘ਮਸੀਹਾ’

ਡਾਕਟਰਾਂ ਨੂੰ ਧਰਤੀ ‘ਤੇ ਭਗਵਾਨ ਦਾ ਦਰਜਾ ਦਿੱਤਾ ਜਾਂਦਾ ਹੈ। ਡਾਕਟਰ ਮਰੀਜ਼ ਨੂੰ ਮੌਤ ਦੇ ਮੂੰਹ ‘ਚੋਂ ਕੱਢ ਕੇ ਨਵੀਂ ਜ਼ਿੰਦਗੀ ਬਖਸ਼ਦੇ ਹਨ। ਕੁਝ ਅਜਿਹਾ ਹੀ ਮਾਮਲਾ ਬੈਂਗਲੁਰੂ ਤੋਂ ਦਿੱਲੀ ਆ ਰਹੀ ਫਲਾਈਟ ‘ਚ ਸਾਹਮਣੇ ਆਇਆ। ਦਰਅਸਲ ਫਲਾਈਟ ‘ਚ ਦਿਲ ਦੀ ਬੀਮਾਰੀ ਤੋਂ ਪੀੜਤ ਦੋ ਸਾਲਾ ਬੱਚੀ ਅਚਾਨਕ ਬੇਹੋਸ਼ ਹੋ ਗਈ। ਇਸ ਵਜ੍ਹਾ ਕਾਰਨ ਵਿਸਤਾਰਾ ਏਅਰਲਾਈਨਜ਼ ਵਿਚ ਹੈਲਥ ਐਮਰਜੈਂਸੀ ਦਾ ਐਲਾਨ ਕੀਤਾ ਗਿਆ। ਗਨੀਮਤ ਇਹ ਰਹੀ ਕਿ ਇਸ ਫਲਾਈਟ ‘ਚ ਏਮਜ਼ ਦੇ 5 ਰੈਜੀਡੈਂਟ ਡਾਕਟਰ ਸਫ਼ਰ ਕਰ ਰਹੇ ਸਨ। ਉਹ ਬੱਚੀ ਦੀ ਜ਼ਿੰਦਗੀ ਬਚਾਉਣ ਵਿਚ ਜੁੱਟ ਗਏ ਅਤੇ ਘੱਟ ਸਾਧਨਾਂ ਦਰਮਿਆਨ ਉਸ ਨੂੰ ਬਚਾਉਣ ਲਈ ਆਪਣੀ ਪੂਰੀ ਤਾਕਤ ਲਾ ਦਿੱਤੀ। ਫਲਾਈਟ ਵਿਚ ਹੀ ਬੱਚੀ ਨੂੰ ਆਕਸੀਜਨ ਅਤੇ ਲਾਈਫ਼ ਸੇਵਿੰਗ ਸਪੋਰਟ ਦਿੱਤਾ। ਜਿਸ ਨਾਲ ਬੱਚੀ ਨੂੰ ਸਥਿਰ ਹਾਲਤ ਵਿਚ ਹਸਪਤਾਲ ਪਹੁੰਚਾਇਆ ਜਾ ਸਕਿਆ।

ਜਾਣਕਾਰੀ ਮੁਤਾਬਕ ਐਤਵਾਰ ਸ਼ਾਮ ਨੂੰ ਬੈਂਗਲੁਰੂ ਤੋਂ ਦਿੱਲੀ ਲਈ ਵਿਸਤਾਰਾ ਏਅਰਲਾਈਨ ਦੀ ਫਲਾਈਟ UK-814- ਵਿਚ ਐਮਰਜੈਂਸੀ ਕਾਲ ਦਾ ਐਲਾਨ ਕੀਤਾ ਗਿਆ ਸੀ। ਦੱਸਿਆ ਗਿਆ ਕਿ 2 ਸਾਲ ਦੀ ਬੱਚੀ ਜੋ ਕਿ ਸਾਇਨੋਟਿਕ ਬੀਮਾਰੀ ਨਾਲ ਪੀੜਤ ਹੈ, ਉਹ ਬੇਹੋਸ਼ ਸੀ ਅਤੇ ਉਸ ਦੀ ਮਦਦ ਲਈ ਫਲਾਈਟ ‘ਚ ਬੈਠੇ ਏਮਜ਼ ਦੇ ਡਾਕਟਰ ਸਾਹਮਣੇ ਆਏ। ਡਾਕਟਰਾਂ ਨੇ ਬੱਚੀ ਨੂੰ ਸੀ. ਪੀ. ਆਰ. ਦਿੱਤਾ ਅਤੇ ਉਨ੍ਹਾਂ ਕੋਲ ਜੋ ਸਾਧਨ ਮੌਜੂਦ ਸਨ, ਉਸ ਨਾਲ ਬੱਚੀ ਦਾ ਇਲਾਜ ਕੀਤਾ। ਹਾਲਾਂਕਿ ਇਲਾਜ ਦੌਰਾਨ ਬੱਚੀ ਨੂੰ ਦਿਲ ਦਾ ਦੌਰਾ ਵੀ ਪਿਆ। ਇਸ ਦੌਰਾਨ ਕਰੀਬ 45 ਮਿੰਟ ਤੱਕ ਡਾਕਟਰਾਂ ਨੇ ਬੱਚੀ ਦਾ ਇਲਾਜ ਕੀਤਾ ਅਤੇ ਇਲਾਜ ਹੋਣ ਮਗਰੋਂ ਫਲਾਈਟ ਨੂੰ ਨਾਗਪੁਰ ਭੇਜਿਆ ਗਿਆ।

ਕੀ ਹੈ ਸਾਇਨੋਟਿਕ ਬੀਮਾਰੀ
ਸਾਇਨੋਟਿਕ ਬੀਮਾਰੀ ਵਿਚ ਦਿਲ ਦੀਆਂ ਧਮਨੀਆਂ ਅਤੇ ਸਰੀਰ ‘ਚ ਆਕਸੀਜਨ ਦੀ ਘਾਟ ਹੁੰਦੀ ਹੈ। ਜਿਸ ਕਾਰਨ ਚਮੜੀ ਨੀਲੀ ਹੋ ਜਾਂਦੀ ਹੈ, ਅਚਾਨਕ ਸਾਹ ਲੈਣ ‘ਚ ਦਿੱਕਤ ਆਉਂਦੀ ਹੈ। ਸਮੇਂ ਸਿਰ ਇਲਾਜ ਨਾ ਮਿਲਣ ਨਾਲ ਮੌਤ ਵੀ ਹੋ ਸਕਦੀ ਹੈ। ਬੱਚਿਆਂ ਵਿਚ ਜ਼ਿਆਦਾਤਰ ਇਹ ਬੀਮਾਰੀ ਪਰਿਵਾਰਕ ਇਤਿਹਾਸ ਅਤੇ ਗਰਭ ਅਵਸਥਾ ਦੌਰਾਨ ਕਿਸੇ ਵੀ ਵਾਇਰਲ ਇਨਫੈਕਸ਼ਨ ਕਾਰਨ ਹੁੰਦੀ ਹੈ।

Leave a Reply

Your email address will not be published. Required fields are marked *