ਮਾਰੂਤੀ ਅੱਠ ਸਾਲਾਂ ’ਚ ਸਮਰੱਥਾ ਦੁੱਗਣੀ ਕਰਨ ਲਈ ਕਰੇਗੀ 45 ਹਜ਼ਾਰ ਕਰੋੜ ਰੁਪਏ ਨਿਵੇਸ਼ : ਭਾਰਗਵ

ਮਾਰੂਤੀ ਸੁਜ਼ੂਕੀ ਇੰਡੀਆ ਨੇ ਆਪਣੀ ਸਾਲਾਨਾ ਉਤਪਾਦਨ ਸਮਰੱਥਾ ਨੂੰ ਅੱਠ ਸਾਲਾਂ ’ਚ ਦੁੱਗਣਾ ਕਰ ਕੇ 40 ਲੱਖ ਇਕਾਈ ਤੱਕ ਲਿਆਉਣ ਲਈ ਲਗਭਗ 45,000 ਕਰੋੜ ਰੁਪਏ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ। ਕੰਪਨੀ ਦੇ ਚੇਅਰਮੈਨ ਆਰ. ਸੀ. ਭਾਰਗਵ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਮਾਰੂਤੀ ਸੁਜ਼ੂਕੀ ਦੀ ਸਾਲਾਨਾ ਆਮ ਬੈਠਕ ’ਚ ਕਿਹਾ ਕਿ ਕੰਪਨੀ ਸ਼ੇਅਰ ਵੰਡ ਲਈ ਸ਼ੇਅਰਧਾਰਕਾਂ ਦੇ ਸੁਝਾਅ ’ਤੇ ਬੋਰਡ ਬੈਠਕ ’ਚ ਵਿਚਾਰ ਕਰੇਗੀ। ਭਾਰਗਵ ਨੇ ਕਿਹਾ ਕਿ ਗਲੋਬਲ ਆਟੋ ਉਦਯੋਗ ਸ਼ੁੱਧ ਜ਼ੀਰੋ ਕਾਰਬਨ ਨਿਕਾਸੀ ਲਈ ਯਤਨ ਕਰ ਰਿਹਾ ਹੈ ਅਤੇ ਇਸ ਦਿਸ਼ਾ ਵਿਚ ਮਾਰੂਤੀ ਸੁਜ਼ੂਕੀ ਇਲੈਕਟ੍ਰਿਕ ਵਾਹਨਾਂ (ਈ. ਵੀ.), ਹਾਈਬ੍ਰਿਡ, ਸੀ. ਐੱਨ. ਜੀ., ਈਥੇਨਾਲ-ਮਿਸ਼ਰਿਤ ਅਤੇ ਕੰਪਰੈਸਡ ਬਾਇਓਗੈਸ ਵਰਗੀਆਂ ਤਕਨਾਲੋਜੀਆਂ ਦੇ ਇਸਤੇਮਾਲ ਨੂੰ ਬੜ੍ਹਾਵਾ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹਾਲੇ ਇਹ ਅਨੁਮਾਨ ਲਗਾਉਣਾ ਮੁਸ਼ਕਲ ਹੈ ਕਿ ਨਵੀਆਂ ਤਕਨਾਲੋਜੀਆਂ ਦੇ ਮਾਮਲੇ ’ਚ ਅਗਲੇ 8-10 ਸਾਲਾਂ ਵਿਚ ਕੀ ਹੋਵੇਗਾ।

ਭਾਰਗਵ ਨੇ ਸ਼ੇਅਰਧਾਰਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੰਪਨੀ 40 ਸਾਲਾਂ ’ਚ 20 ਲੱਖ ਇਕਾਈਆਂ ਦੇ ਉਤਪਾਦਨ ਅਤੇ ਵਿਕਰੀ ਤੱਕ ਪਹੁੰਚੀ ਹੈ ਅਤੇ ਅਗਲੇ ਅੱਠ ਸਾਲਾਂ ’ਚ ਇਸ ਵਿਚ 20 ਲੱਖ ਇਕਾਈਆਂ ਨੂੰ ਹੋਰ ਜੋੜਨ ਦੀ ਤਿਆਰੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਸਾਹਮਣੇ ਆਉਣ ਵਾਲਾ ਸਮਾਂ ਬੇਹੱਦ ਅਨਿਸ਼ਚਿਤ ਅਤੇ ਚੁਣੌਤੀਪੂਰਨ ਹੋਣ ਜਾ ਰਿਹਾ ਹੈ। ਸਾਨੂੰ 20 ਲੱਖ ਕਾਰਾਂ ਦੀ ਸਮਰੱਥਾ ਤਿਆਰ ਕਰਨ ’ਚ ਲਗਭਗ 45,000 ਕਰੋੜ ਰੁਪਏ ਖਰਚ ਕਰਨੇ ਹੋਣਗੇ। ਹਾਲਾਂਕਿ ਇਹ ਮਹਿੰਗਾਈ ’ਤੇ ਨਿਰਭਰ ਕਰੇਗਾ। ਉਨ੍ਹਾਂ ਨੇ ਕਿਹਾ ਕਿ ‘ਮਾਰੂਤੀ 3.0’ ਦੇ ਅਧੀਨ ਕੰਪਨੀ ਨੇ 2030-31 ਤੱਕ ਬਾਜ਼ਾਰ ਵਿਚ ਲਗਭਗ 28 ਵੱਖ-ਵੱਖ ਮਾਡਲਾਂ ਨੂੰ ਪੇਸ਼ ਕਰਨ ਦੇ ਨਾਲ ਉਤਪਾਦਨ ਸਮਰੱਥਾ ਨੂੰ 20 ਲੱਖ ਇਕਾਈ ਤੱਕ ਵਧਾਉਣ ਦਾ ਟੀਚਾ ਤੈਅ ਕੀਤਾ ਹੈ।

Leave a Reply

Your email address will not be published. Required fields are marked *