ਰਾਹਤ : ਫੀਲਡ ਸਟਾਫ ਨੂੰ ਓ. ਟੀ. ਪੀ. ਦੇਣ ’ਤੇ ਹੋਵੇਗਾ ਬਿਜਲੀ ਦੀ ਸ਼ਿਕਾਇਤ ਦਾ ਹੱਲ : ਇੰਜੀ. ਗਰੇਵਾਲ

ਬਿਜਲੀ ਖਪਤਕਾਰਾਂ ਵੱਲੋਂ ਕੰਪਲੇਂਟ ਸੈਂਟਰ ਵਿਚ ਸ਼ਿਕਾਇਤ ਲਿਖਵਾਉਣ ਤੋਂ ਬਾਅਦ ਵਿਭਾਗ ਵੱਲੋਂ ਬਿਜਲੀ ਦੀ ਸ਼ਿਕਾਇਤ ਦਾ ਹੱਲ ਹੋ ਜਾਣ ਸਬੰਧੀ ਰਿਪਲਾਈ ਮੈਸੇਜ ਭੇਜ ਦਿੱਤਾ ਜਾਂਦਾ ਹੈ, ਜਦੋਂ ਕਿ ਵਧੇਰੇ ਮਾਮਲਿਆਂ ਵਿਚ ਸ਼ਿਕਾਇਤ ਦਾ ਹੱਲ ਨਹੀਂ ਹੋਇਆ ਹੁੰਦਾ। ਇਸ ਕਾਰਨ ਖਪਤਕਾਰਾਂ ਨੂੰ ਵਾਰ-ਵਾਰ ਸ਼ਿਕਾਇਤਾਂ ਦਰਜ ਕਰਵਾਉਣੀਆਂ ਪੈਂਦੀਆਂ ਹਨ, ਜਿਸ ਕਾਰਨ ਪ੍ਰੇਸ਼ਾਨੀ ਹੁੰਦੀ ਹੈ। ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਵਿਭਾਗ ਵੱਲੋਂ ਨਵਾਂ ਸਿਸਟਮ ਲਾਗੂ ਕੀਤਾ ਗਿਆ ਹੈ। ਇਸ ਤਹਿਤ ਸ਼ਿਕਾਇਤ ਕੇਂਦਰ ਦੇ ਫੋਨ ਨੰਬਰ 1912 ਜਾਂ ਦੂਜੇ ਟੋਲ ਫ੍ਰੀ ਵਰਗੇ ਸ਼ਿਕਾਇਤ ਕੇਂਦਰਾਂ ਵਿਚ ਸ਼ਿਕਾਇਤ ਲਿਖਵਾਉਣ ਤੋਂ ਬਾਅਦ ਖਪਤਕਾਰਾਂ ਨੂੰ ਓ. ਟੀ. ਪੀ. (ਵਨ ਟਾਈਮ ਪਾਸਵਰਡ) ਭੇਜਿਆ ਜਾਵੇਗਾ। ਉਕਤ ਮੈਸੇਜ ਬਿਜਲੀ ਠੀਕ ਕਰਨ ਲਈ ਆਉਣ ਵਾਲੇ ਸਟਾਫ ਨੂੰ ਦੇਣਾ ਹੋਵੇਗਾ, ਜਿਸ ਤੋਂ ਬਾਅਦ ਸ਼ਿਕਾਇਤ ਦਾ ਹੱਲ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਸ਼ਕਤੀ ਸਦਨ ਵਿਚ ਪਾਵਰਕਾਮ ਦੇ ਡਾਇਰੈਕਟਰ ਡਿਸਟਰੀਬਿਊਸ਼ਨ ਇੰਜੀ. ਡੀ. ਪੀ. ਐੱਸ. ਗਰੇਵਾਲ ਨੇ ਕੀਤਾ।

ਇੰਜੀ. ਗਰੇਵਾਲ ਨੇ ਕਿਹਾ ਕਿ ਬਿਜਲੀ ਖਪਤਕਾਰ ਜਦੋਂ ਤਕ ਫੀਲਡ ਸਟਾਫ ਨੂੰ ਓ. ਟੀ. ਪੀ. ਨਹੀਂ ਦੇਵੇਗਾ, ਉਦੋਂ ਤਕ ਸ਼ਿਕਾਇਤ ਪੈਂਡਿੰਗ ਰਹੇਗੀ ਅਤੇ ਸਿਸਟਮ ਵਿਚ ਬੋਲਦੀ ਰਹੇਗੀ। ਇਸ ਨਵੇਂ ਸਿਸਟਮ ਦੇ ਲਾਗੂ ਹੋਣ ਨਾਲ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਬਿਜਲੀ ਦੀ ਖਰਾਬੀ ਹੋਣ ’ਤੇ ਵਾਰ-ਵਾਰ ਸ਼ਿਕਾਇਤ ਕਰਨ ਦੇ ਝੰਜਟ ਤੋਂ ਛੁਟਕਾਰਾ ਮਿਲ ਸਕੇਗਾ। ਉਥੇ ਹੀ, 1912 ਕੇਂਦਰ ਦਾ ਫੋਨ ਨਾ ਮਿਲਣ ਬਾਰੇ ਇੰਜੀ. ਗਰੇਵਾਲ ਨੇ ਕਿਹਾ ਕਿ ਸ਼ਿਕਾਇਤ ਕੇਂਦਰ ਦੀਆਂ ਲਾਈਨਾਂ ਵਧਾਈਆਂ ਜਾ ਚੁੱਕੀਆਂ ਹਨ। ਮੌਸਮ ਵਿਚ ਖਰਾਬੀ ਹੋਣ ਕਾਰਨ ਸੂਬੇ ਭਰ ਦੇ ਖਪਤਕਾਰ ਫੋਨ ਕਰਦੇ ਹਨ, ਜਿਸ ਕਾਰਨ ਸਿਸਟਮ ਓਵਰਲੋਡ ਹੋ ਜਾਂਦਾ ਹੈ। ਵਿਭਾਗ ਵੱਲੋਂ ਮਿਸਡ ਕਾਲ ਨਾਲ ਸ਼ਿਕਾਇਤ ਦਰਜ ਹੋਣ ਵਰਗੇ ਕਈ ਬਦਲ ਸ਼ੁਰੂ ਕਰਵਾਏ ਗਏ ਹਨ ਤਾਂ ਕਿ ਲਾਈਨ ਵਿਚ ਖਰਾਬੀ ਆਉਣ ’ਤੇ ਖਪਤਕਾਰਾਂ ਦੀ ਸ਼ਿਕਾਇਤ ਦਾ ਜਲਦ ਤੋਂ ਜਲਦ ਹੱਲ ਹੋ ਸਕੇ।

Leave a Reply

Your email address will not be published. Required fields are marked *