ਚੀਨ ਨੇ ਸਾਡੀ ਜ਼ਮੀਨ ਹੜੱਪ ਲਈ, ਪੀ. ਐੱਮ. ਇਸ ਬਾਰੇ ਕੁਝ ਬੋਲਣ : ਰਾਹੁਲ

ਚੀਨ ਵੱਲੋਂ ਅਰੁਣਾਚਲ ਪ੍ਰਦੇਸ਼ ਅਤੇ ਅਕਸਾਈ ਚੀਨ ਨੂੰ ਮਾਨਕ ਨਕਸ਼ੇ ’ਚ ਆਪਣਾ ਹਿੱਸਾ ਦੱਸੇ ਜਾਣ ਦੇ ਪਿਛੋਕੜ ’ਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਇਹ ਬਹੁਤ ਗੰਭੀਰ ਮੁੱਦਾ ਹੈ ਕਿਉਂਕਿ ਚੀਨ ਨੇ ਪਹਿਲਾਂ ਹੀ ਲੱਦਾਖ ’ਚ ਵੀ ਭਾਰਤੀ ਜ਼ਮੀਨ ਹੜੱਪ ਲਈ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਬਾਰੇ ਕੁਝ ਕਹਿਣਾ ਚਾਹੀਦਾ ਹੈ। ਰਾਹੁਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਲੱਦਾਖ ਵਿੱਚ ਇੱਕ ਇੰਚ ਜ਼ਮੀਨ ਵੀ ਨਹੀਂ ਗਈ ਹੈ। ਇਹ ਬਿਲਕੁਲ ਝੂਠ ਹੈ। ਪੂਰਾ ਲੱਦਾਖ ਜਾਣਦਾ ਹੈ ਕਿ ਚੀਨ ਨੇ ਸਾਡੀ ਜ਼ਮੀਨ ਹੜੱਪ ਲਈ ਹੈ। ਨਕਸ਼ੇ ਦਾ ਮੁੱਦਾ ਵੀ ਗੰਭੀਰ ਹੈ । ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਪਾਰਟੀ ਨੇ ਕਰਨਾਟਕ ਦੇ ਲੋਕਾਂ ਨਾਲ ਕੀਤੇ ਮੁੱਖ ਚੋਣ ਵਾਅਦੇ ਪੂਰੇ ਕਰ ਦਿੱਤੇ ਹਨ ।

ਮੁੱਖ ਮੰਤਰੀ ਸਿੱਧਰਮਈਆ ਦੀ ਅਗਵਾਈ ਵਾਲੀ ਸਰਕਾਰ ਵਲੋਂ ਕੀਤੇ ਗਏ ‘ਕੰਮ’ ਨੂੰ ਪੂਰੇ ਦੇਸ਼ ਵਿੱਚ ਦੁਹਰਾਇਆ ਜਾਵੇਗਾ। ਰਾਹੁਲ ਨੇ ਕਿਹਾ ਕਿ ਕਰਨਾਟਕ ਵਿੱਚ ਕਾਂਗਰਸ ਦੀਆਂ 5 ਗਾਰੰਟੀਆਂ ਸਿਰਫ਼ ਯੋਜਨਾਵਾਂ ਨਹੀਂ ਸਗੋਂ ਸ਼ਾਸਨ ਦਾ ਮਾਡਲ ਹਨ।

ਰਾਹੁਲ ਦਾ ਦਾਅਵਾ ਬੇਬੁਨਿਆਦ : ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ
ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਰਾਹੁਲ ਗਾਂਧੀ ਦੇ ਇਸ ਦਾਅਵੇ ਦੀ ਆਲੋਚਨਾ ਕੀਤੀ ਕਿ ਚੀਨ ਨੇ ਭਾਰਤੀ ਜ਼ਮੀਨ ਹੜੱਪ ਲਈ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇ ਦੋਸ਼ ‘ਬੇਬੁਨਿਆਦ’ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਸਨ ਤਾਂ ਚੀਨ ਨੇ ਭਾਰਤੀ ਜ਼ਮੀਨ ’ਤੇ ਕਬਜ਼ਾ ਕਰ ਲਿਆ ਸੀ। ਚੀਨ ਹੁਣ ਉਸ ਖੇਤਰ ’ਚ ਹੀ ਕੁਝ ਸਰਗਰਮੀਆਂ ਨੂੰ ਅੰਜਾਮ ਦੇ ਰਿਹਾ ਹੈ ਜੋ ਨਹਿਰੂ ਦੇ ਪ੍ਰਧਾਨ ਮੰਤਰੀ ਹੋਣ ਵੇਲੇ ਹੜੱਪ ਲਿਆ ਗਿਆ ਸੀ। ਇਹ ਆਜ਼ਾਦੀ ਤੋਂ ਬਾਅਦ ਕਾਂਗਰਸ ਵੱਲੋਂ ਕੀਤੇ ਪਾਪਾਂ ਦਾ ਹੀ ਸਿੱਟਾ ਹੈ ਕਿ ਚੀਨ ਸਾਡਾ ਗੁਆਂਢੀ ਬਣ ਗਿਆ ਹੈ।

ਉਨ੍ਹਾਂ ਦੋਸ਼ ਲਾਇਆ ਕਿ ਰਾਹੁਲ ਗਾਂਧੀ ਨੂੰ ਨੀਤੀਆਂ ਦੀ ਕੋਈ ਸਮਝ ਨਹੀਂ ਹੈ। ਸਾਡੇ ਵਿਦੇਸ਼ ਮੰਤਰਾਲਾ ਨੇ ਪਹਿਲਾਂ ਹੀ ਨਕਸ਼ੇ ਦੇ ਮੁੱਦੇ ’ਤੇ ਚੀਨ ਦੀ ਕਾਰਵਾਈ ਦੀ ਨਿੰਦਾ ਕੀਤੀ ਹੈ । ਨਾਲ ਹੀ ਸਖ਼ਤ ਵਿਰੋਧ ਵੀ ਕੀਤਾ ਹੈ ਪਰ ਰਾਹੁਲ ਗਾਂਧੀ ਸਾਡੇ ਵਿਦੇਸ਼ ਮੰਤਰਾਲਾ ’ਤੇ ਭਰੋਸਾ ਨਹੀਂ ਕਰਦੇ। ਉਹ ਚੀਨ ਦੀ ਗੱਲ ਮੰਨਦੇ ਹਨ।

Leave a Reply

Your email address will not be published. Required fields are marked *