ਸਾਰੇ ਭਾਰਤੀ ਹਿੰਦੂ ਹਨ ਅਤੇ ਹਿੰਦੂ ਸਾਰੇ ਭਾਰਤੀਆਂ ਦੀ ਪ੍ਰਤੀਨਿਧਤਾ ਕਰਦੇ ਹਨ : ਮੋਹਨ ਭਾਗਵਤ

ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਭਾਰਤ ਇਕ ‘ਹਿੰਦੂ ਰਾਸ਼ਟਰ’ ਹੈ ਅਤੇ ਸਾਰੇ ਭਾਰਤੀ ਹਿੰਦੂ ਹਨ ਅਤੇ ਹਿੰਦੂ ਸਾਰੇ ਭਾਰਤੀਆਂ ਦੀ ਅਗਵਾਈ ਕਰਦੇ ਹਨ। ਉਨ੍ਹਾਂ ਲੋਕਾਂ ਦੀਆਂ ਉਮੀਦਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸੰਘ ਨੂੰ ਇਸ ਸਭ ਬਾਰੇ ਸੋਚਣਾ ਚਾਹੀਦਾ ਹੈ। ਆਰ. ਐੱਸ. ਐੱਸ. ਮੁਖੀ ਇਥੇ ਇਕ ਸਮਾਗਮ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਹਿੰਦੁਸਤਾਨ ਇਕ ‘ਹਿੰਦੂ ਰਾਸ਼ਟਰ’ ਹੈ ਅਤੇ ਇਹ ਇਕ ਸੱਚਾਈ ਹੈ। ਵਿਚਾਰਧਾਰਕ ਤੌਰ ’ਤੇ ਸਾਰੇ ਭਾਰਤੀ ਹਿੰਦੂ ਹਨ ਅਤੇ ਹਿੰਦੂ ਦਾ ਮਤਲਬ ਸਾਰੇ ਭਾਰਤੀ ਹਨ। ਉਹ ਸਾਰੇ ਜੋ ਅੱਜ ਭਾਰਤ ਵਿਚ ਹਨ ਹਿੰਦੂ ਸੰਸਕ੍ਰਿਤੀ, ਹਿੰਦੂ ਪੂਰਵਜ ਅਤੇ ਹਿੰਦੂ ਭੂਮੀ ਨਾਲ ਸਬੰਧਤ ਹਨ, ਇਸ ਤੋਂ ਇਲਾਵਾ ਕੁਝ ਹੋਰ ਕੁਝ ਨਹੀਂ। ਭਾਗਵਤ ਨੇ ਕਿਹਾ ਕਿ ਕੁਝ ਲੋਕ ਇਸਨੂੰ ਸਮਝ ਗਏ ਹਨ, ਜਦਕਿ ਕੁਝ ਆਪਣੀਆਂ ਆਦਤਾਂ ਅਤੇ ਸਵਾਰਥ ਕਾਰਨ ਸਮਝਣ ਤੋਂ ਬਾਅਦ ਵੀ ਇਸ ’ਤੇ ਅਮਲ ਨਹੀਂ ਕਰ ਰਹੇ ਹਨ। ਇਸ ਤੋਂ ਇਲਾਵਾ ਕੁਝ ਲੋਕ ਜਾਂ ਤਾਂ ਉਸਨੂੰ ਅਜੇ ਤੱਕ ਸਮਝ ਨਹੀਂ ਸਕੇ ਹਨ ਜਾਂ ਭੁੱਲ ਗਏ ਹਨ।


ਭਾਗਵਤ ਨੇ ਕਿਹਾ ਕਿ ‘ਸਾਡੀ ਵਿਚਾਰਧਾਰਾ’ ਦੀ ਦੁਨੀਆ ਭਰ ਵਿਚ ਬਹੁਤ ਮੰਗ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਇਸ ਵਿਚਾਰਧਾਰਾ ਦਾ ਕੋਈ ਬਦਲ ਨਹੀਂ ਹੈ। ਉਨ੍ਹਾਂ ਕਿਹਾ ਕਿ ਹਰ ਕੋਈ ਇਸ ਨੂੰ ਸਮਝ ਗਿਆ ਹੈ। ਕੁਝ ਇਸ ਨੂੰ ਸਵੀਕਾਰ ਕਰਦੇ ਹਨ, ਕੁਝ ਨਹੀਂ ਕਰਦੇ। ਆਰ. ਐੱਸ. ਐੱਸ. ਮੁਖੀ ਨੇ ਕਿਹਾ ਕਿ ਇਹ ਸੁਭਾਵਕ ਹੈ ਕਿ ਇਸ ਸਬੰਧੀ ਵਿਸ਼ਵ-ਵਿਆਪੀ ਜ਼ਿੰਮੇਵਾਰੀ ਦੇਸ਼, ਸਮਾਜ ਅਤੇ ‘ਵਿਚਾਰਧਾਰਾ’ ਦਾ ਪ੍ਰਚਾਰ ਕਰਨ ਵਾਲੇ ਮੀਡੀਆ ’ਤੇ ਆਵੇਗੀ। ਭਾਗਵਤ ਨੇ ਵਾਤਾਵਰਨ ਦੀ ਸੰਭਾਲ ਕਰਨ ਅਤੇ ਸਵਦੇਸ਼ੀਕਰਨ, ਪਰਿਵਾਰਕ ਕਦਰਾਂ-ਕੀਮਤਾਂ ਅਤੇ ਅਨੁਸ਼ਾਸਨ ’ਤੇ ਧਿਆਨ ਦੇਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ।

Leave a Reply

Your email address will not be published. Required fields are marked *