ਸਰਕੂਲੇਸ਼ਨ ’ਚੋਂ ਹਟਾਏ ਗਏ 2000 ਰੁਪਏ ਦੇ 93 ਫੀਸਦੀ ਨੋਟ ਬੈਂਕਾਂ ’ਚ ਵਾਪਸ ਆਏ : ਆਰ. ਬੀ. ਆਈ.

ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਕਿਹਾ ਕਿ ਸਰਕੂਲੇਸ਼ਨ ’ਚੋਂ ਹਟਾਏ ਗਏ 2000 ਰੁਪਏ ਮੁੱਲ ਦੇ ਕੁੱਲ 93 ਫੀਸਦੀ ਨੋਟ ਬੈਂਕਾਂ ’ਚ ਵਾਪਸ ਆ ਗਏ ਹਨ। ਆਰ. ਬੀ. ਆਈ. ਨੇ 19 ਮਈ ਨੂੰ 2000 ਰੁਪਏ ਦੇ ਨੋਟਾਂ ਨੂੰ ਸਰਕੂਲੇਸ਼ਨ ’ਚੋਂ ਵਾਪਸ ਲੈਣ ਦਾ ਐਲਾਨ ਕੀਤਾ ਸੀ। ਰਿਜ਼ਰਵ ਬੈਂਕ ਦੇ ਇਕ ਬਿਆਨ ਮੁਤਾਬਕ ਬੈਂਕਾਂ ਤੋਂ ਮਿਲੇ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ 31 ਅਗਸਤ ਤੱਕ ਬੈਂਕਾਂ ਵਿਚ ਜਮ੍ਹਾ 2000 ਰੁਪਏ ਦੇ ਨੋਟਾਂ ਦਾ ਕੁੱਲ ਮੁੱਲ 3.32 ਲੱਖ ਕਰੋੜ ਰੁਪਏ ਸੀ। ਇਸ ਦਾ ਮਤਲਬ ਹੈ ਕਿ 31 ਅਗਸਤ ਨੂੰ 2000 ਰੁਪਏ ਦੇ 0.24 ਲੱਖ ਕਰੋੜ ਰੁਪਏ ਦੇ ਨੋਟ ਹੀ ਸਰਕੂਲੇਸ਼ਨ ’ਚ ਸਨ। ਪ੍ਰਮੁੱਖ ਬੈਂਕਾਂ ਤੋਂ ਇਕੱਠੇ ਕੀਤੇ ਅੰਕੜੇ ਦੱਸਦੇ ਹਨ ਕਿ 2000 ਰੁਪਏ ਦੇ ਕਰੀਬ 87 ਫੀਸਦੀ ਨੋਟ ਬੈਂਕਾਂ ਵਿਚ ਜਮ੍ਹਾ ਕਰਵਾਏ ਗਏ ਜਦ ਕਿ 13 ਫੀਸਦੀ ਨੋਟਾਂ ਨੂੰ ਹੋਰ ਮੁੱਲ ਵਰਗ ਦੇ ਨੋਟਾਂ ਨਾਲ ਬਦਲਿਆ ਗਿਆ।

ਜ਼ਿਕਰਯੋਗ ਹੈ ਕਿ 31 ਮਾਰਚ ਨੂੰ ਸਰਕੂਲੇਸ਼ਨ ’ਚ ਮੌਜੂਦ 2000 ਰੁਪਏ ਦੇ ਨੋਟ ਦਾ ਕੁੱਲ ਮੁੱਲ 3.62 ਲੱਖ ਕਰੋੜ ਰੁਪਏ ਸੀ ਜੋ 19 ਮਈ ਨੂੰ ਇਨ੍ਹਾਂ ਨੂੰ ਵਾਪਸ ਲਏ ਜਾਣ ਦੇ ਐਲਾਨ ਸਮੇਂ ਘਟ ਕੇ 3.56 ਲੱਖ ਕਰੋੜ ਰੁਪਏ ਹੋ ਗਿਆ ਸੀ। ਆਰ. ਬੀ. ਆਈ. ਨੇ ਲੋਕਾਂ ਨੂੰ 2000 ਰੁਪਏ ਦੇ ਨੋਟ ਨੂੰ 30 ਸਤੰਬਰ ਤੱਕ ਬੈਂਕਾਂ ਵਿਚ ਜਮ੍ਹਾ ਕਰਵਾਉਣ ਜਾਂ ਹੋਰ ਮੁੱਲ ਵਰਗ ਦੇ ਨੋਟ ਨਾਲ ਬਦਲਾਉਣ ਦੀ ਅਪੀਲ ਕੀਤੀ ਹੈ।

Leave a Reply

Your email address will not be published. Required fields are marked *