ਮੋਦੀ ਦੀਆਂ ਦਬਾਅ ਪਾਉਣ ਵਾਲੀਆਂ ਨੀਤੀਆਂ ਤੋਂ ਘਬਰਾਵਾਂਗੇ ਨਹੀਂ, ਪੰਜਾਬ ’ਚ ਭ੍ਰਿਸ਼ਟਾਚਾਰ ਵਿਰੁੱਧ ਅਭਿਆਨ ਰੁਕਣ ਵਾਲਾ ਨਹੀਂ : ਭਗਵੰਤ ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਸਿਆਸੀ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੀਆਂ ‘ਆਪ’ ਨੇਤਾਵਾਂ ਨੂੰ ਜੇਲ ਭੇਜਣ ਦੀਆਂ ਨੀਤੀਆਂ ਤੋਂ ਅਸੀਂ ਘਬਰਾਉਣ ਵਾਲੇ ਨਹੀਂ ਹਾਂ ਅਤੇ ਇਨ੍ਹਾਂ ਨੀਤੀਆਂ ਦਾ ਜਵਾਬ ਜਨਤਾ 2024 ਦੀਆਂ ਲੋਕ ਸਭਾ ਚੋਣਾਂ ’ਚ ਦੇਵੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇਭਿਵਾਨੀ ’ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦਿੱਲੀ ’ਚ ਮੁਹੱਲਾ ਕਲੀਨਿਕ ਖੋਲ੍ਹ ਕੇ ਸਿਹਤ ਖੇਤਰ ’ਚ ਇਕ ਨਵੀਂ ਕ੍ਰਾਂਤੀ ਡਾ. ਸਤਿੰਦਰ ਜੈਨ ਨੇ ਲਿਆਂਦੀ ਸੀ। ਇਸੇ ਤਰ੍ਹਾਂ ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਵਿਸ਼ਵ ਪੱਧਰੀ ਬਣਾ ਕੇ ਮਨੀਸ਼ ਸਿਸੋਦੀਆ ਦੀ ਪੂਰੇ ਵਿਸ਼ਵ ’ਚ ਸ਼ਲਾਘਾ ਹੋਈ ਸੀ। ਪ੍ਰਧਾਨ ਮੰਤਰੀ ਨੂੰ ਇਹ ਗੱਲ ਹਜ਼ਮ ਨਹੀਂ ਹੋਈ ਅਤੇ ਉਨ੍ਹਾਂ ਆਪਣੀਆਂ ਏਜੰਸੀਆਂ ਦੀ ਮਾਰਫ਼ਤ ਮਨੀਸ਼ ਸਿਸੋਦੀਆ ਅਤੇ ਡਾ. ਸਤਿੰਦਰ ਜੈਨ ਨੂੰ ਜੇਲ ਭੇਜ ਦਿੱਤਾ।ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਅਜਿਹੀਆਂ ਦਬਾਅ ਵਾਲੀਆਂ ਨੀਤੀਆਂ ਤੋਂ ਰੋਕਿਆ ਨਹੀਂ ਜਾ ਸਕਦਾ ਹੈ। ਮੋਦੀ ਦਬਾਅ ਪਾ ਕੇ ਆਮ ਆਦਮੀ ਪਾਰਟੀ ਰੂਪੀ ਦਰਿਆ ਦੇ ਪਾਣੀ ਨੂੰ ਰੋਕਣ ’ਚ ਕਾਮਯਾਬ ਨਹੀਂ ਹੋਣਗੇ। ਉਨ੍ਹਾਂ ਦੋਸ਼ ਲਾਇਆ ਕਿ ਹੁਣ ਤਾਂ ਉਨ੍ਹਾਂ ਨੂੰ ਸ਼ੱਕ ਹੁੰਦਾ ਹੈ ਕਿ ਮੋਦੀ ਨੇ ਸ਼ਾਇਦ ਕਦੇ ਚਾਹ ਵੀ ਵੇਚੀ ਹੋਵੇਗੀ। ਇਹ ਗੱਲ ਵੀ ਕਿਸੇ ਜੁਮਲੇ ਤੋਂ ਘੱਟ ਨਹੀਂ ਹੈ।

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨਾਲ ਮੋਦੀ ਨੇ ਲੋਕਾਂ ਨੂੰ 15-15 ਲੱਖ ਰੁਪਏ ਉਨ੍ਹਾਂ ਦੇ ਬੈਂਕ ਖਾਤਿਆਂ ’ਚ ਪਾਉਣ ਅਤੇ ਵਿਦੇਸ਼ਾਂ ਤੋਂ ਕਾਲਾ ਧਨ ਵਾਪਸ ਲਿਆਉਣ ਦੀਆਂ ਗੱਲਾਂ ਕਹੀਆਂ ਸਨ ਪਰ ਦੋਵਾਂ ’ਚੋਂ ਕੋਈ ਗੱਲ 10 ਸਾਲਾਂ ’ਚ ਸੱਚ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭ੍ਰਿਸ਼ਟਾਚਾਰ ਖਿਲਾਫ ਮੁਹਿੰਮ ਚਲਾਈ ਹੋਈ ਹੈ । 400 ਤੋਂ ਜ਼ਿਆਦਾ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਗ੍ਰਿਫਤਾਰ ਕਰਕੇ ਜੇਲ ਭੇਜਿਆ ਗਿਆ ਹੈ ਕਿਉਂਕਿ ਇਹ ਲੋਕ ਭ੍ਰਿਸ਼ਟਾਚਾਰ ਦੇ ਨਾਂ ’ਤੇ ਲੋਕਾਂ ਨੂੰ ਤੰਗ ਕਰਦੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਦਿਨੀਂ ਵਿਜੀਲੈਂਸ ਨੇ ਇਕ ਪਟਵਾਰੀ ਨੂੰ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ, ਜਿਸ ’ਤੇ ਪਟਵਾਰੀਆਂ ਦੀ ਐਸੋਸੀਏਸ਼ਨ ਨੇ ਐਲਾਮ ਕਰ ਦਿੱਤਾ ਕਿ ਉਹ ਕਲਮਛੋੜ ਹੜਤਾਲ ਕਰਨਗੇ, ਜਿਸਦੇ ਜਵਾਬ ’ਚ ਸਰਕਾਰ ਨੇ ਫੈਸਲਾ ਲਿਆ ਕਿ ਕਲਮ ਛੱਡਣ ਵਾਲਿਆਂ ਨੂੰ ਦੁਬਾਰਾ ਕਲਮ ਦੇਣੀ ਹੈ ਜਾਂ ਨਹੀਂ, ਇਸਦਾ ਫੈਸਲਾ ਸਰਕਾਰ ਕਰੇਗੀ। ਪੰਜਾਬ ਸਰਕਾਰ ਨੇ 2000 ਤੋਂ ਜ਼ਿਆਦਾ ਨਵੇਂ ਪਟਵਾਰੀ ਭਰਤੀ ਕਰਨ ਦਾ ਫ਼ੈਸਲਾ ਲੈ ਲਿਆ ਹੈ। ਪੰਜਾਬ ’ਚ ਵੀ ਅਜਿਹੀਆਂ ਦਬਾਅ ਵਾਲੀਆਂ ਨੀਤੀਆਂ ਦਾ ਸਰਕਾਰ ’ਤੇ ਕੋਈ ਅਸਰ ਹੋਣ ਵਾਲਾ ਨਹੀਂ ਹੈ ਅਤੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਸਰਕਾਰ ਦਾ ਅਭਿਆਨ ਚੱਲਦਾ ਰਹੇਗਾ।

ਉਨ੍ਹਾਂ ਕਿਹਾ ਕਿ ਦਿੱਲੀ ਅਤੇ ਪੰਜਾਬ ’ਚ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਸਰਵੇ ’ਚ ਨਹੀਂ ਆ ਰਹੀ ਸੀ ਪਰ ਫਿਰ ਵੀ ਉਹ ਸਰਕਾਰ ’ਚ ਆ ਗਈ ਕਿਉਂਕਿ ਇਹ ਪਾਰਟੀ ਲੋਕਾਂ ਦੇ ਦਿਲ ਨਾਲ ਸਿੱਧੇ ਤੌਰ ’ਤੇ ਜੁਡ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਅਤੇ ਪੰਜਾਬ ’ਚ ਲੋਕਾਂ ਦੇ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ। ਪੰਜਾਬ ’ਚ 90 ਫ਼ੀਸਦੀ ਘਰਾਂ ਦੇ ਬਿਜਲੀ ਬਿੱਲ ਜ਼ੀਰੋ ਆਏ ਹਨ ਅਤੇ ਲੋਕਾਂ ਨੂੰ 24 ਘੰਟੇ ਬਿਜਲੀ ਵੀ ਮਿਲ ਰਹੀ ਹੈ। ਉਨ੍ਹਾਂ ਹਰਿਆਣਾ ਦੇ ਮੁੱਖ ਮੰਤਰੀ ਖੱਟੜ ’ਤੇ ਸਿਆਸੀ ਹਮਲਾ ਬੋਲਦੇ ਹੋਏ ਕਿਹਾ ਕਿ ਖੱਟੜ ਵਾਰ-ਵਾਰ ਕਹਿ ਰਹੇ ਹਨ ਕਿ ਮਾਨ ਨੂੰ ਪੰਜਾਬ ਅਤੇ ਕੇਜਰੀਵਾਲ ਨੂੰ ਦਿੱਲੀ ’ਚ ਹੀ ਰਹਿਣਾ ਚਾਹੀਦਾ ਹੈ। ਉਨ੍ਹਾਂ ਖੱਟੜ ਨੂੰ ਕਿਹਾ ਕਿ ਅਸੀਂ ਪੰਜਾਬ ਅਤੇ ਦਿੱਲੀ ’ਚ ਕੰਮ ਕਰਕੇ ਵਿਖਾਇਆ ਹੈ, ਇਸ ਲਈ ਪ੍ਰਚਾਰ ਕਰਨ ਲਈ ਦੇਸ਼ ਭਰ ’ਚ ਜਾ ਰਹੇ ਹਾਂ। ਉਨ੍ਹਾਂ ਖੱਟੜ ਨੂੰ ਕਿਹਾ ਕਿ ਤੁਸੀਂ ਤਾਂ ਕੁਝ ਕੀਤਾ ਹੀ ਨਹੀਂ ਤਾਂ ਫਿਰ ਤੁਸੀਂ ਹਰਿਆਣਾ ਤੋਂ ਬਾਹਰ ਕਿਵੇਂ ਜਾ ਸਕਦੇ ਹੋ। ਉਨ੍ਹਾਂ ਕਿਹਾ ਕਿ ਹੁਣ ਲੋਕ ਸਭਾ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਹਨ, ਇਸ ਲਿਏ ਮੋਦੀ ਦੀ ਜੁਮਲਾ ਫੈਕਟਰੀ ਹੁਣ 24 ਘੰਟੇ ਕੰਮ ਕਰ ਰਹੀ ਹੈ ਤਾਂ ਕਿ ਲੋਕਾਂ ਨੂੰ ਨਵੇਂ ਜੁਮਲਿਆਂ ਨਾਲ ਗੁੰਮਰਾਹ ਕੀਤਾ ਜਾ ਸਕੇ।

Leave a Reply

Your email address will not be published. Required fields are marked *