ਆਸਟ੍ਰੇਲੀਆ ਸਰਕਾਰ ਲਿਆ ਰਹੀ ਨਵਾਂ ਕਾਨੂੰਨ, ਕਰਮਚਾਰੀਆਂ ਨੂੰ ਜਾਣਬੁੱਝ ਕੇ ਘੱਟ ਤਨਖਾਹ ਦੇਣ ਵਾਲੇ ਮਾਲਕਾਂ ਨੂੰ ਹੋਵੇਗੀ ਕੈਦ

ਆਸਟ੍ਰੇਲੀਆਈ ਸਰਕਾਰ ਵਲੋਂ ਪ੍ਰਸਤਾਵਿਤ ਨਵੇਂ ਕਾਨੂੰਨ ’ਚ ਇਹ ਵਿਵਸਥਾ ਕੀਤੀ ਗਈ ਹੈ ਕਿ ਜੋ ਮਾਲਕ ਆਪਣੇ ਕਰਮਚਾਰੀਆਂ ਨੂੰ ਜਾਣਬੁੱਝ ਕੇ ਘੱਟ ਤਨਖਾਹ ਦੇਣਗੇ, ਉਨ੍ਹਾਂ ਨੂੰ ਜੇਲ੍ਹ ਅਤੇ ਭਾਰੀ ਜੁਰਮਾਨੇ ਕੀਤੇ ਜਾਣਗੇ। ਕੈਬਨਿਟ ਮੰਤਰੀ ਟੋਨੀ ਬੁਰਕੇ ਨੇ ਕਿਹਾ ਕਿ ਉਹ ਸੋਮਵਾਰ ਤੋਂ ਸੰਸਦ ’ਚ ਸਨਅਤਾਂ ’ਚ ਬਦਲਾਅ ਲਿਆਉਣ ਲਈ ਇੱਕ ਕਾਨੂੰਨ ਪੇਸ਼ ਕਰਨਗੇ। ਪ੍ਰਸਤਾਵਿਤ ਕਾਨੂੰਨ ਦੇ ਅਧੀਨ ਆਪਣੇ ਕਰਮਚਾਰੀਆਂ ਨੂੰ ਜਾਣਬੁੱਝ ਕੇ ਘੱਟ ਤਨਖਾਹ ਦੇਣ ਵਾਲੇ ਮਾਲਕਾਂ ਨੂੰ ਵੱਧ ਤੋਂ ਵੱਧ ਅਪਰਾਧਿਕ ਸਜ਼ਾ ਅਧੀਨ 10 ਸਾਲ ਦੀ ਕੈਦ ਜਾਂ 7.8 ਮਿਲੀਅਨ ਆਸਟ੍ਰੇਲੀਆਈ ਡਾਲਰ ਜਾਂ ਉਸ ਤੋਂ 3 ਗੁਣਾ ਵਧੇਰੇ ਜ਼ੁਰਮਾਨਾ ਕੀਤਾ ਜਾਵੇਗਾ, ਇਹ ਕਾਨੂੰਨ ਇੱਕ “ਲੂਪਹੋਲ” ਮਤਲਬ ਖਾਮੀਆਂ ਨੂੰ ਬੰਦ ਕਰ ਦੇਵੇਗਾ। ਉਨ੍ਹਾਂ ਕਿਹਾ,‘‘ਜੇਕਰ ਮਾਲਕ ਜਾਣਬੁੱਝ ਕੇ ਕਾਮੇ ਦੀ ਤਨਖਾਹ ਵਿੱਚੋਂ ਪੈਸੇ ਰੋਕਦਾ ਹੈ, ਇਹ ਕੋਈ ਅਪਰਾਧਿਕ ਅਪਰਾਧ ਨਹੀਂ ਹੈ। ਇਹ ਇੱਕ ਸਧਾਰਨ ਕਮੀ ਹੈ, ਇਸਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ। ਇੱਥੇ ਉਦੇਸ਼ ਲੋਕਾਂ ਨੂੰ ਜੇਲ੍ਹ ਭੇਜਣਾ ਨਹੀਂ ਹੈ। ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਲੋਕਾਂ ਨੂੰ ਸਹੀ ਢੰਗ ਨਾਲ ਭੁਗਤਾਨ ਕੀਤਾ ਜਾਵੇ।’’

ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਲੋਕਾਂ ਨੂੰ ਜੇਲ੍ਹ ਭੇਜਣਾ ਨਹੀਂ ਹੈ, ਸਗੋਂ ਇਹ ਯਕੀਨੀ ਬਣਾਉਣਾ ਹੈ ਕਿ ਲੋਕਾਂ ਨੂੰ ਉਚਿਤ ਅਦਾਇਗੀ ਕੀਤੀ ਜਾਵੇ। ਦੱਸਣਯੋਗ ਹੈ ਕਿ ਹੁਣ ਆਸਟ੍ਰੇਲੀਅਨ ਸਰਕਾਰ ਵੱਲੋਂ ਪ੍ਰਸਤਾਵਿਤ ਨਵੇਂ ਕਾਨੂੰਨਾਂ ਅਧੀਨ ਜਾਣਬੁੱਝ ਕੇ ਕਾਮਿਆਂ ਨੂੰ ਘੱਟ ਤਨਖਾਹ ਦੇਣ ਵਾਲੇ ਮਾਲਕਾਂ ਨੂੰ ਜੇਲ੍ਹ ਅਤੇ ਭਾਰੀ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ। ਇਸ ਕਾਨੂੰਨ ਨਾਲ ਆਸਟ੍ਰੇਲੀਆ ਵਿਚ ਕੰਮ ਕਰ ਰਹੇ ਪੰਜਾਬੀ ਭਾਈਚਾਰੇ ਨੂੰ ਬਹੁਤ ਫ਼ਾਇਦਾ ਹੋਵੇਗਾ।

Leave a Reply

Your email address will not be published. Required fields are marked *