23 ਕੈਰੇਟ ਸੋਨੇ, ਚਾਂਦੀ ਅਤੇ ਹੀਰੇ ਜੜ ਕੇ ਲਿਖੀ ‘ਸੁਨਹਿਰੀ ਗੀਤਾ’, ਲਗਾਇਆ 50 ਸਾਲ ਦਾ ਸਮਾਂ

ਸ਼੍ਰੀਮਦ ਭਗਵਤ ਗੀਤਾ ਦਾ ਇਕ-ਇਕ ਸ਼ਬਦ ਉਂਝ ਤਾਂ ਸੋਨੇ ਤੋਂ ਵੀ ਵੱਧ ਸ਼ੁੱਧ ਅਤੇ ਹੀਰੇ ਤੋਂ ਜ਼ਿਆਦਾ ਚਮਕ ਵਾਲਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਕਲਯੁਗ ’ਚ ਪੱਛਮੀ ਬੰਗਾਲ ਦੇ 87 ਸਾਲਾ ਡਾ. ਮੰਗਲ ਤ੍ਰਿਪਾਠੀ ਨੇ ਸੋਨੇ, ਚਾਂਦੀ ਅਤੇ ਹੀਰਿਆਂ ਦੀ ਵਰਤੋਂ ਕਰਕੇ ਗੀਤਾ ਲਿਖੀ ਹੈ। ਇਸ ਨੂੰ ਲਿਖਣ ’ਚ ਉਨ੍ਹਾਂ ਨੇ 50 ਸਾਲ ਦਾ ਸਮਾਂ ਲਾਇਆ। ਇਹ ਗੀਤਾ ਲਿਖਣ ’ਚ ਮੰਗਲ ਤ੍ਰਿਪਾਠੀ ਨੇ ਆਪਣੀ ਜ਼ਿੰਦਗੀ ਦੀ ਪੂਰੀ ਪੂੰਜੀ ਲਾ ਦਿੱਤੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਤ੍ਰਿਪਾਠੀ ਨੇ ਇਸ ਕੰਮ ਲਈ ਕਿਸੇ ਤੋਂ ਕੋਈ ਮਦਦ ਨਹੀਂ ਲਈ। 8 ਪੰਨਿਆਂ ਦੀ ਇਸ ਗੀਤਾ ਨੂੰ ਪੂਰੀ ਤਰ੍ਹਾਂ ਚਾਂਦੀ ’ਤੇ ਲਿਖਿਆ ਗਿਆ ਹੈ। ਇਸ ਗੀਤਾ ’ਚ ਲਗਭਗ 22 ਬਲਾਕ ਹਨ। ਇਸ ਨੂੰ ਅਸੀਂ ਪੱਤਰ (ਕਾਰਡ) ਕਹਿੰਦੇ ਹਾਂ। ਇਸ ’ਚ 23 ਕੈਰੇਟ ਸੋਨੇ ਦੀ ਪੰਨੀ ਬਣਾਈ ਗਈ ਹੈ ਅਤੇ ਉਸ ਤੋਂ ਬਾਅਦ ਪੰਨੀ ਦੇ ਨਾਲ ਹਰ ਇਕ ਅਧਿਆਏ ਨੂੰ ਇਕ-ਇਕ ਪੱਤਰ ’ਚ ਲਿਖ ਦਿੱਤਾ ਗਿਆ ਹੈ। ਇਸ ’ਚ ਲਿਖੇ ਇਕ-ਇਕ ਅੱਖਰ ਨੂੰ ਸਹੀ ਢੰਗ ਨਾਲ ਫਿੱਟ ਕੀਤਾ ਗਿਆ ਹੈ, ਜਿਸ ’ਚ ਕਾਫੀ ਮਿਹਨਤ ਲੱਗੀ ਹੈ। ਉਨ੍ਹਾਂ ਕਿਹਾ ਕਿ ਮੇਰੀ ਰੀਝ ਸੀ ਕਿ ਇਸ ਨੂੰ ਸੋਨੇ ਅਤੇ ਚਾਂਦੀ ਨਾਲ ਲਿਖਿਆ ਜਾਵੇ। ਇਸ ’ਚ ਮੇਰੇ ਦੋਸਤ ਨੇ ਮੇਰੀ ਮਦਦ ਕੀਤੀ ਅਤੇ ਹੁਣ ਸੁਨਹਿਰੀ ਗੀਤਾ ਸਾਡੇ ਸਾਹਮਣੇ ਹੈ। ਸੋਨੇ ਨਾਲ ਬਣੀ ਇਸ ਗੀਤਾ ਨੂੰ 23 ਪੱਤਰਾਂ ’ਚ ਲਿਖ ਕੇ ਉਸ ਦੇ 18 ਅਧਿਆਇਆਂ ਨੂੰ ਸੰਜੋਇਆ ਗਿਆ ਹੈ। ਇੰਨਾ ਹੀ ਨਹੀਂ ਇਸ ਗੀਤਾ ’ਚ 500 ਚਿੱਤਰ ਵੀ ਹਨ। ਮੰਗਲ ਤ੍ਰਿਪਾਠੀ ਨੇ ਦੱਸਿਆ ਕਿ ਇਸ ਵਿਚ ਗੀਤਾ ਮਾਤਾ ਦੀ ਤਸਵੀਰ ਉਕਰੀ ਗਈ ਹੈ। ਉਨ੍ਹਾਂ ਨੂੰ ਕਮਲ ’ਤੇ ਬੈਠੇ ਦਿਖਾਇਆ ਗਿਆ ਹੈ। ਕਮਲ ਭਗਤੀ, ਪ੍ਰੀਤ ਅਤੇ ਸ਼ਾਂਤੀ ਦਾ ਪ੍ਰਤੀਕ ਹੈ ਅਤੇ ਇਸ ਕਮਲ ’ਚ 18 ਪੰਖੜੀਆਂ ਲਾਈਆਂ ਗਈਆਂ ਹਨ। ਇਸ ਤੋਂ ਇਲਾਵਾ ਇਸ ਦੇ 3 ਹੱਥਾਂ ’ਚੋਂ ਇਕ ’ਚ ਚੱਕਰ ਹੈ, ਇਕ ’ਚ ਸੰਖ ਅਤੇ ਇਕ ’ਚ ਪਦਮ ਹੈ। ਇਹ ਉਨ੍ਹਾਂ ਦੀ ਆਸ਼ੀਰਵਾਦ ਵਾਲੀ ਮੁਦਰਾ ਹੈ। ਮੰਗਲ ਤ੍ਰਿਪਾਠੀ ਅਨੁਸਾਰ ਇਸ ਦਾ ਇਕ-ਇਕ ਚਿੱਤਰ ਜਰਮਨੀ ਪੇਪਰ ਨਾਲ ਬਣਾਇਆ ਗਿਆ ਹੈ। ਉਸ ’ਤੇ ਵਾਸ਼ ਪੇਂਟਿੰਗ ਨਾਲ ਬਣਾਏ ਗਏ ਚਿੱਤਰ ਹਨ। ਹਰੇਕ ਚਿੱਤਰ ਨੂੰ ਬਣਾਉਣ ਲਈ ਘੱਟੋ-ਘੱਟ ਇਕ ਮਹੀਨੇ ਦਾ ਸਮਾਂ ਲੱਗਿਆ ਹੈ।

ਲੋਕਾਂ ਨੇ ਖਰੀਦਣ ਦੀ ਕੋਸ਼ਿਸ਼ ਕੀਤੀ
ਮੰਗਲ ਤ੍ਰਿਪਾਠੀ ਨੇ ਇਹ ਵੀ ਦੱਸਿਆ ਕਿ ਸੁਨਹਿਰੀ ਗੀਤਾ ਨੂੰ ਲੋਕ ਕਰੋੜਾਂ ਰੁਪਏ ਦੀ ਕੀਮਤ ’ਤੇ ਖਰੀਦਣਾ ਚਾਹੁੰਦੇ ਸਨ ਪਰ ਮੈਂ ਇਸ ਨੂੰ ਉਨ੍ਹਾਂ ਨੂੰ ਨਹੀਂ ਵੇਚਿਆ। ਉਨ੍ਹਾਂ ਦਾ ਕੋਈ ਨਾ ਕੋਈ ਸਵਾਰਥ ਸੀ। ਮੈਂ ਇਸ ਨੂੰ ਸਾਰੀਆਂ ਮਾਤਾਵਾਂ ਨੂੰ ਸਮਰਪਿਤ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਮੈਂ ਅਮਰੀਕਾ ’ਚ ਸੀ ਤਾਂ ਮੈਨੂੰ ਰਾਮਾਇਣ ਗੋਸ਼ਟੀ ਦੇ 5 ਲੋਕਾਂ ’ਚ ਚੁਣਿਆ ਗਿਆ ਸੀ। ਉੱਥੇ ਲੋਕਾਂ ਨੇ ਕਿਹਾ ਸੀ ਕਿ ਗੀਤਾ ਮਾਂ ਦੀ ਇਕ ਤਸਵੀਰ ਤੁਸੀਂ ਕਿਸੇ ਨੂੰ ਵੇਚ ਦਿਓ। ਮੈਂ ਕਿਹਾ ਮੈਂ ਇਹ ਨਹੀਂ ਦੇ ਸਕਦਾ ਕਿਉਂਕਿ ਇਹ ਮੇਰੀ ਆਤਮਾ ਹੈ, ਇਹ ਮੇਰਾ ਧਰਮ ਹੈ, ਮੈਂ ਆਪਣਾ ਧਰਮ ਨਹੀਂ ਵੇਚ ਸਕਦਾ। ਡਾ. ਮੰਗਲ ਤ੍ਰਿਪਾਠੀ ਨੇ ਗੀਤਾ ਨੂੰ ਲਿਖਣ ਦਾ ਪੂਰਾ ਸਿਹਰਾ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਨੂੰ ਦਿੱਤਾ। ਉਨ੍ਹਾਂ ਦੱਸਿਆ ਕਿ ਉਸ ਸਮੇਂ ਮੈਂ ਬੰਬੇ ’ਚ ਸੀ। ਉੱਥੇ ਇਕ ਗਿਆਨੀ ਮੁਨੀ ਸਨ, ਜਿਨ੍ਹਾਂ ਦਾ ਨਾਂ ਮੁਨੀ ਰਾਕੇਸ਼ ਸੀ। ਉਨ੍ਹਾਂ ਨੇ ਮੈਨੂੰ ਮੋਰਾਰਜੀ ਦੇਸਾਈ ਨਾਲ ਮਿਲਵਾਇਆ। ਮੋਰਾਰਜੀ ਦੇਸਾਈ ਨੇ ਮੈਨੂੰ ਕਿਹਾ ਕਿ ਤੁਸੀਂ ਗੀਤਾ ’ਤੇ ਕਰੋ। ਇਸ ਕੰਮ ਨੂੰ ਇਸ ਸੰਕਲ ਨਾਲ ਕਰੋ ਕਿ ਤੁਸੀਂ ਇਸ ਲਈ ਕਿਸੇ ਕੋਲੋਂ ਮਦਦ ਨਹੀਂ ਲਓਗੇ, ਕਦੇ ਕਿਸੇ ਸਾਹਮਣੇ ਝੁਕੋਗੇ ਨਹੀ। ਇਸ ਤੋਂ ਬਾਅਦ ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਤੁਸੀਂ ਮੇਰਾ ਮਾਰਗ ਦਰਸ਼ਨ ਕਰੋਗੇ, ਇਸ ’ਤੇ ਦੇਸਾਈ ਨੇ ਕਿਹਾ ਸੀ-ਜ਼ਰੂਰ ਅਤੇ ਉਨ੍ਹਾਂ ਨੇ ਆਪਣਾ ਵਾਅਦਾ ਨਿਭਾਇਆ। ਮੈਂ ਇਸ ਦਾ ਇਕਲੌਤਾ ਸਿਹਰਾ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਨੂੰ ਦੇਣਾ ਚਾਹਾਂਗਾ।

Leave a Reply

Your email address will not be published. Required fields are marked *