ਅਧਿਆਪਕਾਂ ਵੱਲ ਖ਼ਾਸ ਧਿਆਨ : ਵਾਧੂ ਕੰਮਾਂ ਤੋਂ ਅਧਿਆਪਕਾਂ ਦੀ ਛੁੱਟੀ, ਸਿਰਫ਼ ਪੜ੍ਹਾਈ ’ਤੇ ਦਿੱਤਾ ਜਾ ਰਿਹੈ ਜ਼ੋਰ


ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਬੱਚਿਆਂ ਦੀ ਚੰਗੀ ਤੇ ਮਿਆਰੀ ਸਿੱਖਿਆ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਸਕੂਲਾਂ ਦੇ ਨਵੀਨੀਕਰਨ ਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਤੋਂ ਇਲਾਵਾ ਅਧਿਆਪਕਾਂ ਵੱਲ ਵੀ ਖਾਸ ਧਿਆਨ ਦਿੱਤਾ ਹੈ। ਅਧਿਆਪਕਾਂ ਨੂੰ ਟ੍ਰੇਨਿੰਗ ਜਿੱਥੇ ਵਿਦੇਸ਼ਾਂ ’ਚ ਭੇਜਿਆ ਜਾ ਰਿਹਾ ਹੈ, ਉਸ ਦੇ ਨਾਲ-ਨਾਲ ਉਨ੍ਹਾਂ ਤੋਂ ਵਾਧੂ ਕੰਮ ਦਾ ਬੋਝ ਘੱਟ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਕੀਤੇ ਐਲਾਨ ਮੁਤਾਬਕ ਅਧਿਆਪਕਾਂ ਨੂੰ ਹੋਰ ਦੂਜੀਆਂ ਡਿਊਟੀਆਂ ਤੋਂ ਫਾਰਗ ਕੀਤਾ ਜਾ ਰਿਹਾ ਹੈ ਤੇ ਅਧਿਆਪਕ ਸਿਰਫ਼ ਹੁਣ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਕਰ ਰਹੇ ਹਨ। ਪੰਜਾਬ ਸਰਕਾਰ ਵੱਲੋਂ ਬੱਚਿਆਂ ਦੀ ਸਿੱਖਿਆ ਨੂੰ ਪੁਖਤਾ ਕਰਨ ਲਈ ਅਧਿਆਪਕਾਂ ਦੀ ਮਦਦ ਲਈ ਸਕੂਲਾਂ ਅੰਦਰ ਮੈਨੇਜਰ, ਸਕਿਓਰਿਟੀ ਗਾਰਡ, ਚੌਕੀਦਾਰ, ਸਵੀਪਰ ਆਦਿ ਦੀ ਤਾਇਨਾਤੀ ਲਈ ਵਿੱਤੀ ਮਦਦ ਵੀ ਸਿੱਖਿਆ ਵਿਭਾਗ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ। ਪੰਜਾਬ ਸਰਕਾਰ ਨੇ ਸੂਬੇ ਦੇ 689 ਹਾਈ ਸਕੂਲਾਂ ਅਤੇ ਸੀਨੀਅਰ ਸੈਕੰਡਰੀ ਸਕੂਲਾਂ ’ਚ 1378 ਸਕਿਓਰਿਟੀ ਗਾਰਡ ਭਰਤੀ ਕੀਤੇ, 652 ਸੀਨੀਅਰ ਸੈਕੰਡਰੀ ਸਕੂਲਾਂ ਅਤੇ 37 ਹਾਈ ਸਕੂਲਾਂ ’ਚ ਭਰਤੀ ਕੀਤੇ । 2012 ਸੀਨੀਅਰ ਸੈਕੰਡਰੀ ਸਕੂਲਾਂ ’ਚ ਚੌਕੀਦਾਰ ਰੱਖਣ ਲਈ ਵੀ ਵਿੱਤੀ ਮਦਦ ਦਿੱਤੀ। ਇਸ ਤੋਂ ਇਲਾਵਾ 8284 ਸੈਨੀਟੇਸ਼ਨ ਵਰਕਰ ਸਕੂਲ ਮੈਨੇਜਮੇਂਟ ਕਮੇਟੀਆਂ ਰਾਹੀਂ ਰੱਖਣ ਲਈ ਵੀ ਵਿੱਤੀ ਮਦਦ ਪ੍ਰਦਾਨ ਕੀਤੀ ਜਾ ਰਹੀ ਹੈ।

ਮਿਸ਼ਨ 100 ਫੀਸਦੀ ਨੂੰ ਵੀ ਭਰਵਾਂ ਹੁੰਗਾਰਾ
ਬੋਰਡ ਪ੍ਰੀਖਿਆਵਾਂ ’ਚ ਵਿਦਿਆਰਥੀ ਦੇ ਚੰਗੇ ਨਤੀਜਿਆਂ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਿੱਖਿਆ ਵਿਭਾਗ ਵੱਲੋਂ ਮਿਸ਼ਨ 100 ਫੀਸਦੀ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮਿਸ਼ਨ ਦਾ ਮੁੱਖ ਉਦੇਸ਼ ਪ੍ਰੀਖਿਆਵਾਂ ’ਚ ਵਿਦਿਆਰਥੀਆਂ ਦੇ ਪਾਸ ਫੀਸਦੀ ਅੰਕਾਂ ’ਚ ਵਾਧਾ ਕਰਨਾ ਹੈ। ਇਸ ਲਈ ਸਕੂਲ ਮੁਖੀ, ਪ੍ਰਿੰਸੀਪਲ ਅਤੇ ਬੱਚਿਆਂ ਦੇ ਮਾਪੇ ਸਾਂਝੇ ਤੌਰ ’ਤੇ ਕੰਮ ਕਰ ਰਹੇ ਹਨ। ਮਿਸ਼ਨ 100 ਫੀਸਦੀ ਪ੍ਰੋਗਰਾਮ 3 ਦਸੰਬਰ, 2022 ਨੂੰ ਲਾਂਚ ਹੋਇਆ ਸੀ ਤੇ 2023 ਦੀਆਂ ਪ੍ਰੀਖਿਆਵਾਂ ’ਚ ਇਸਦਾ ਸ਼ਾਨਦਾਰ ਅਸਰ ਦੇਖਣ ਨੂੰ ਮਿਲਿਆ, ਵਿਦਿਆਰਥੀਆਂ ਦੇ ਪਾਸ ਫੀਸਦੀ ਅੰਕਾਂ ’ਚ ਮਿਸਾਲੀ ਵਾਧਾ ਦਰਜ ਕੀਤਾ ਗਿਆ, ਜਿਹੜੇ ਵਿਦਿਆਰਥੀਆਂ ਦੇ ਪਹਿਲਾਂ 60 ਫੀਸਦੀ ਅੰਕ ਸਨ, ਉਨ੍ਹਾਂ 80 ਫੀਸਦੀ ਅਤੇ 80 ਫੀਸਦੀ ਵਾਲਿਆਂ ਨੇ 100 ਫੀਸਦੀ ਅੰਕ ਪ੍ਰਾਪਤ ਕੀਤੇ। ਮਿਸ਼ਨ 100 ਫੀਸਦੀ ਸਕੂਲਾਂ ਅੰਦਰ ਬਹੁਤ ਕਾਮਯਾਬ ਹੋ ਰਿਹਾ ਹੈ ਤੇ ਵਿਦਿਆਰਥੀਆਂ ਅੰਦਰ ਵੀ ਮੁਕਾਬਲੇ ਦੀ ਭਾਵਨਾ ਪੈਦਾ ਹੋ ਰਹੀ ਹੈ।

Leave a Reply

Your email address will not be published. Required fields are marked *