48 ਘੰਟੇ ਤੋਂ ਟਾਵਰ ’ਤੇ ਡਟੇ ਅਪ੍ਰੈਂਟਸ਼ਿਪ ਲਾਈਨਮੈਨਾਂ ਦੀ ਚਿਤਾਵਨੀ : ‘ਨੌਕਰੀਆਂ ਲਵਾਂਗੇ ਜਾਂ ਮਰਾਂਗੇ’

ਪਾਵਰਕਾਮ ’ਚ ਨੌਰਕੀਆਂ ਲੈਣ ਲਈ ਪਿਛਲੇ 48 ਘੰਟਿਆਂ ਤੋਂ ਅਪ੍ਰੈਂਟਸ਼ਿਪ ਲਾਈਨਮੈਨ ਯੂਨੀਅਨ ਦੇ ਮੈਂਬਰ 66 ਕੇ. ਵੀ. ਬਿਜਲੀ ਟਾਵਰ ’ਤੇ ਡਟੇ ਹੋਏ ਹਨ, ਜਦੋਂ ਕਿ ਹੇਠਾਂ ਉਨ੍ਹਾਂ ਦੇ ਸਾਥੀਆਂ ਵੱਲੋਂ ਸਰਕਾਰ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਜਾਰੀ ਹੈ। ਆਗੂਆਂ ਨੇ ਕਿਹਾ ਕਿ ਜਦੋਂ ਤੱਕ ਮੰਗਾਂ ਦਾ ਹੱਲ ਨਹੀਂ ਹੁੰਦਾ, ਉਹ ਇਸੇ ਤਰ੍ਹਾਂ ਡਟੇ ਰਹਿਣਗੇ। ਜਾਣਕਾਰੀ ਅਨੁਸਾਰ ਅਪ੍ਰੈਂਟਸ਼ਿਪ ਯੂਨੀਅਨ ਦੇ ਮੈਂਬਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕੋਈ ਗੱਲਬਾਤ ਹੁੰਦੀ ਦਿਖਾਈ ਨਹੀਂ ਦਿੱਤੀ। ਹੁਣ ਇਹ ਸੰਘਰਸ਼ ਹੋਰ ਤੇਜ਼ ਹੋਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ, ਜਿਸ ਕਾਰਨ ਸਥਿਤੀ ਕਾਫੀ ਤਣਾਅਪੂਰਨ ਹੋ ਸਕਦੀ ਹੈ। ਦੱਸ ਦਈਏ ਕਿ ਪਿਛਲੇ ਦਿਨੀਂ ਉਕਤ ਬੇਰੋਜ਼ਗਾਰ ਲਾਈਮੈਨਾਂ ਉੱਪਰ ਪੁਲਸ ਵੱਲੋਂ ਲਾਠੀਚਾਰਜ ਤੋਂ ਬਾਅਦ ਇਹ ਲਾਈਨਮੈਨ ਇਸ ਟਾਵਰ ’ਤੇ ਜਾ ਚੜ੍ਹੇ ਸਨ, ਜੋ ਕਿ ਅਜੇ ਵੀ ਡਟੇ ਹੋਏ ਹਨ। ਇਨ੍ਹਾਂ ਲਾਈਨਮੈਨਾਂ ਦੇ ਨੇਤਾਵਾਂ ਨੇ ਐਲਾਨ ਕੀਤਾ ਕਿ ਜਾਂ ਤਾਂ ਉਹ ਨੌਕਰੀਆਂ ਲੈਣਗੇ ਜਾਂ ਫਿਰ ਮਰਨਗੇ। ਇਸ ਲਈ ਪ੍ਰਸ਼ਾਸਨ ਨੂੰ ਤੁਰੰਤ ਇਨ੍ਹਾਂ ਵੱਲ ਧਿਆਨ ਦੇਣ ਦੀ ਲੋੜ ਹੈ।

ਯੂਨੀਅਨ ਨੇਤਾਵਾਂ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨ ਕੇ ਉਨ੍ਹਾਂ ਉੱਪਰ ਤਸ਼ੱਦਦ ਕੀਤਾ ਹੈ, ਜਿਸ ਦਾ ਹਿਸਾਬ ਆਗਾਮੀ ਸਮੇਂ ਦੌਰਾਨ ਚੁਕਤਾ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਇਕ ਪਾਸੇ ਸਰਕਾਰ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦੇਣ ਦੇ ਦਾਅਵੇ ਕਰ ਰਹੀ ਹੈ। ਦੂਸਰੇ ਪਾਸੇ ਬੇਰੋਜ਼ਗਾਰਾਂ ਨੂੰ ਕੁੱਟਿਆ ਜਾ ਰਿਹਾ ਹੈ। ਨੇਤਾਵਾਂ ਨੇ ਕਿਹਾ ਕਿ ਅਸੀਂ ਪਾਵਰਕਾਮ ਮੈਨੇਜਮੈਂਟ ਨਾਲ ਕਈ ਮੀਟਿੰਗਾਂ ਕਰ ਚੁੱਕੇ ਹਾਂ। ਮੈਨੇਜਮੈਂਟ ਨੇ ਆਖਿਆ ਸੀ ਕਿ ਉਹ ਸਤੰਬਰ ਤੱਕ ਪੱਕੀ ਭਰਤੀ ਕਰ ਲੈਣਗੇ ਪਰ ਅਜੇ ਤੱਕ ਉਹ ਬੇਰੋਜ਼ਗਾਰ ਹੀ ਘੁੰਮ ਰਹੇ ਹਨ, ਜੋ ਕਿ ਬਹੁਤ ਮਾੜੀ ਗੱਲ ਹੈ। ਇਸ ਲਈ ਉਨ੍ਹਾਂ ਨੂੰ ਸੰਘਰਸ਼ ਦਾ ਰਾਹ ਅਪਨਾਉਣਾ ਪਿਆ ਹੈ।
ਅਪ੍ਰੈਂਟਸ਼ਿਪ ਲਾਈਨਮੈਨ ਯੂਨੀਅਨ ਨੇ ਅੱਜ ਐਲਾਨ ਕੀਤਾ ਕਿ ਜੇਕਰ ਜਲਦ ਪ੍ਰਸ਼ਾਸਨ ਨੇ ਉਨ੍ਹਾਂ ਨਾਲ ਰਾਬਤਾ ਕਰ ਕੇ ਮੰਗਾਂ ਵੱਲ ਧਿਆਨ ਨਾ ਦਿੱਤਾ ਅਤੇ ਉਨ੍ਹਾਂ ਦੀ ਭਰਤੀ ਨਾ ਕੀਤੀ ਤਾਂ ਉਨ੍ਹਾਂ ਦਾ ਸੰਘਰਸ਼ ਤਿੱਖਾ ਰੂਪ ਲਵੇਗਾ। ਇਸ ਸੰਘਰਸ਼ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਜ਼ਿੰਮੇਵਾਰ ਵੀ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ।

Leave a Reply

Your email address will not be published. Required fields are marked *