ਮਹਿੰਗਾਈ ਤੋਂ ਹਾਲੇ ਨਹੀਂ ਮਿਲੇਗੀ ਰਾਹਤ! ਦਾਲਾਂ ਅਤੇ ਖਾਣ ਵਾਲੇ ਤੇਲ ਦੀਆਂ ਕੀਮਤਾਂ ’ਚ ਹੋ ਸਕਦੈ ਵਾਧਾ

ਮਹਿੰਗਾਈ ਤੋਂ ਹਾਲੇ ਰਾਹਤ ਮਿਲਣ ਦੀ ਉਮੀਦ ਦਿਖਾਈ ਨਹੀਂ ਦੇ ਰਹੀ ਹੈ। ਆਉਣ ਵਾਲੇ ਦਿਨਾਂ ’ਚ ਤਿਲਹਨ ਅਤੇ ਦਾਲਾਂ ਦੀਆਂ ਕੀਮਤਾਂ ’ਚ ਹੋਰ ਵਾਧਾ ਹੋ ਸਕਦਾ ਹੈ। ਇਸ ਨਾਲ ਆਮ ਜਨਤਾ ’ਤੇ ਮਹਿੰਗਾਈ ਦਾ ਬੋਝ ਹੋਰ ਵਧ ਜਾਏਗਾ। ਕਿਹਾ ਜਾ ਰਿਹਾ ਹੈ ਕਿ ਅਗਸਤ ’ਚ ਔਸਤ ਨਾਲੋਂ ਕਾਫੀ ਘੱਟ ਮੀਂਹ ਪਿਆ ਹੈ ਅਤੇ ਸਤੰਬਰ ਤੱਕ ਅਜਿਹੀ ਹੀ ਸਥਿਤੀ ਬਣੀ ਰਹੇਗੀ। ਯਾਨੀ ਕਿ ਅਗਲੇ ਮਹੀਨੇ ਵੀ ਮਾਨਸੂਨ ਕਮਜ਼ੋਰ ਹੀ ਰਹੇਗਾ। ਅਜਿਹੇ ’ਚ ਦਾਲਾਂ ਅਤੇ ਤਿਲਹਨ ਦੀ ਪੈਦਾਵਾਰ ’ਤੇ ਅਸਰ ਪਵੇਗਾ, ਜਿਸ ਨਾਲ ਉਤਪਾਦਨ ਵੀ ਪ੍ਰਭਾਵਿਤ ਹੋ ਸਕਦਾ ਹੈ। ਅਜਿਹੇ ’ਚ ਆਉਣ ਵਾਲੇ ਦਿਨਾਂ ਵਿਚ ਦਾਲਾਂ ਅਤੇ ਤਿਲਹਨ ਦੀਆਂ ਕੀਮਤਾਂ ’ਚ ਹੋਰ ਵਾਧਾ ਹੋ ਸਕਦਾ ਹੈ।
ਭਾਰਤ ਮੌਸਮ ਵਿਗਿਆਨ ਵਿਭਾਗ ਮੁਤਾਬਕ ਇਸ ਸਾਲ ਅਗਸਤ ’ਚ ਪਿਛਲੇ 8 ਸਾਲਾਂ ’ਚ ਔਸਤ ਨਾਲੋਂ ਕਾਫੀ ਘੱਟ ਮੀਂਹ ਪਿਆ ਹੈ ਪਰ ਅਲਨੀਨੋ ਫੈਕਟਰ ਕਾਰਨ ਅਗਲੇ ਮਹੀਨੇ ਵੀ ਔਸਤ ਨਾਲੋਂ ਘੱਟ ਹੀ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਦੇਸ਼ ਭਰ ਵਿਚ ਦਾਲਾਂ ਅਤੇ ਤਿਲਹਨ ਦੀ ਬਿਜਾਈ ਹੋ ਚੁੱਕੀ ਹੈ। ਹੁਣ ਕੁੱਝ ਦਿਨਾਂ ਬਾਅਦ ਫਸਲਾਂ ਵਿਚ ਫੁੱਲ ਆਉਣੇ ਸ਼ੁਰੂ ਹੋ ਜਾਣਗੇ। ਅਜਿਹੇ ’ਚ ਫਸਲਾਂ ਦੀ ਸਿੰਚਾਈ ਦੀ ਜ਼ਿਆਦਾ ਲੋੜ ਪੈਂਦੀ ਹੈ ਪਰ ਪਾਣੀ ਦੀ ਕਮੀ ਕਾਰਨ ਦਾਲਾਂ ਅਤੇ ਤਿਲਹਨ ਦੀ ਪੈਦਾਵਾਰ ’ਤੇ ਅਸਰ ਪਵੇਗਾ, ਜਿਸ ਨਾਲ ਉਤਪਾਦਨ ਵਿਚ ਗਿਰਾਵਟ ਵੀ ਆ ਸਕਦੀ ਹੈ।

ਉੱਤਰ-ਪੱਛਮੀ ਹਿੱਸੇ ’ਚ 6 ਫੀਸਦੀ ਵਧੇਰੇ ਮੀਂਹ
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸਿਰਫ ਦੇਸ਼ ਦੇ ਉੱਤਰ-ਪੱਛਮੀ ਹਿੱਸੇ ਵਿਚ ਹੀ ਚੰਗਾ ਮੀਂਹ ਦਰਜ ਕੀਤਾ ਗਿਆ ਹੈ। ਇਨ੍ਹਾਂ ਇਲਾਕਿਆਂ ਵਿਚ ਪਿਛਲੇ ਸਾਲ ਦੇ ਮੁਕਾਬਲੇ 6 ਫੀਸਦੀ ਵੱਧ ਮੀਂਹ ਪਿਆ ਹੈ। ਉੱਥੇ ਹੀ ਮੱਧ ਭਾਰਤ ਵਿਚ ਔਸਤ ਨਾਲੋਂ 7 ਫੀਸਦੀ ਘੱਟ, ਪੂਰਬ ਉੱਤਰ ਭਾਰਤ ਵਿਚ 15 ਫੀਸਦੀ ਘੱਟ ਅਤੇ ਦੱਖਣੀ ਭਾਰਤ ਵਿਚ ਔਸਤ ਨਾਲੋਂ 17 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ। ਅਜਿਹੇ ਵਿਚ ਮੌਸਮ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਗਸਤ ਮਹੀਨੇ ਦੌਰਾਨ ਪੂਰੇ ਦੇਸ਼ ਵਿਚ ਪਿਛਲੇ ਸਾਲ ਦੇ ਮੁਕਾਬਲੇ 35 ਫੀਸਦੀ ਘੱਟ ਮੀਂਹ ਰਿਕਾਰਡ ਕੀਤਾ ਗਿਆ ਹੈ। ਅਧਿਕਾਰੀਆਂ ਦੀ ਮੰਨੀਏ ਤਾਂ ਜੇ ਸਤੰਬਰ ਵਿਚ ਆਮ ਨਾਲੋਂ ਵੱਧ ਮੀਂਹ ਪੈਂਦਾ ਹੈ ਤਾਂ ਅਗਸਤ ਮਹੀਨੇ ਦੀ ਕਮੀ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਹੈ।

332 ਮਿਲੀਅਨ ਟਨ ਅਨਾਜ ਉਤਪਾਦਨ ਦਾ ਟੀਚਾ
ਹਾਲਾਂਕਿ ਫਸਲ ਸੀਜ਼ਨ 2022-23 ਵਿਚ ਦੇਸ਼ ਦੇ ਅਨਾਜ ਉਤਪਾਦਨ ’ਚ 5 ਫੀਸਦੀ ਦਾ ਵਾਧਾ ਹੋਇਆ ਸੀ। ਭਾਰਤ ਦਾ ਅਨਾਜ ਭੰਡਾਰ 330.5 ਮਿਲੀਅਨ ਟਨ ’ਤੇ ਪੁੱਜ ਗਿਆ ਸੀ ਜਦ ਕਿ ਇਸ ਸਾਲ ਅਨਾਜ ਉਤਪਾਦਨ ਦਾ ਟੀਚਾ 332 ਮਿਲੀਅਨ ਟਨ ਰੱਖਿਆ ਗਿਆ ਹੈ।

Leave a Reply

Your email address will not be published. Required fields are marked *